ਜ਼ਕਰ 11
11
ਅੱਤਿਆਚਾਰੀਆਂ ਦਾ ਪਤਨ
1ਹੇ ਲਬਾਨੋਨ, ਆਪਣੇ ਦਰਵਾਜ਼ੇ ਖੋਲ੍ਹ ਕਿ ਅੱਗ ਤੇਰੇ ਦਿਆਰਾਂ ਨੂੰ ਖਾ ਜਾਵੇ! 2ਹੇ ਸੂਰ, ਸੋਗ ਕਰ ਕਿਉਂ ਜੋ ਦਿਆਰ ਡਿੱਗ ਪਿਆ, ਸ਼ਾਨ ਵਾਲੇ ਨਾਸ ਹੋ ਗਏ! ਬਾਸ਼ਾਨ ਦੇ ਬਲੂਤੋ, ਸੋਗ ਕਰੋ, ਕਿਉਂ ਜੋ ਸ਼ਾਨਦਾਰ ਵਾਲਾ ਜੰਗਲ ਢਹਿ ਪਿਆ ਹੈ। 3ਅਯਾਲੀਆਂ ਦੇ ਸਿਆਪੇ ਦੀ ਆਵਾਜ਼, ਕਿਉਂ ਜੋ ਉਹਨਾਂ ਦੀ ਸ਼ਾਨ ਨਾਸ ਹੋ ਗਈ, ਜੁਆਨ ਬੱਬਰ ਸ਼ੇਰਾਂ ਦੇ ਗੱਜਣ ਦੀ ਅਵਾਜ਼ ਅਤੇ ਯਰਦਨ ਦਾ ਜੰਗਲ ਨਾਸ ਹੋ ਗਿਆ।
ਦੋ ਚਰਵਾਹੇ
4ਯਹੋਵਾਹ ਮੇਰੇ ਪਰਮੇਸ਼ੁਰ ਨੇ ਇਸ ਤਰ੍ਹਾਂ ਕਿਹਾ, ਉਹਨਾਂ ਭੇਡਾਂ ਨੂੰ ਚਾਰ ਜੋ ਵੱਢੀਆਂ ਜਾਣ ਵਾਲੀਆਂ ਹਨ। 5ਜਿਹੜੇ ਉਹਨਾਂ ਨੂੰ ਖਰੀਦਦੇ ਹਨ, ਉਹ ਉਹਨਾਂ ਨੂੰ ਵੱਢਣਗੇ ਅਤੇ ਸਜ਼ਾ ਨਾ ਪਾਉਣਗੇ ਅਤੇ ਉਹਨਾਂ ਦੇ ਵੇਚਣ ਵਾਲੇ ਆਖਣਗੇ, ਯਹੋਵਾਹ ਮੁਬਾਰਕ ਹੋਵੇ, ਕਿਉਂਕਿ ਮੈਂ ਧਨੀ ਹੋ ਗਿਆ ਹਾਂ! ਉਹਨਾਂ ਦੇ ਅਯਾਲੀ ਉਹਨਾਂ ਉੱਤੇ ਤਰਸ ਨਹੀਂ ਖਾਂਦੇ ਹਨ। 6ਮੈਂ ਫੇਰ ਇਸ ਦੇਸ ਦੇ ਵਾਸੀਆਂ ਉੱਤੇ ਤਰਸ ਨਹੀਂ ਖਾਵਾਂਗਾ, ਯਹੋਵਾਹ ਦਾ ਵਾਕ ਹੈ, ਵੇਖੋ, ਮੈਂ ਹਰ ਆਦਮੀ ਨੂੰ ਉਸ ਦੇ ਗੁਆਂਢੀ ਦੇ ਅਤੇ ਉਸ ਦੇ ਰਾਜੇ ਦੇ ਹੱਥ ਵਿੱਚ ਦੇ ਦਿਆਂਗਾ। ਉਹ ਇਸ ਦੇਸ ਨੂੰ ਮਾਰਨਗੇ, ਮੈਂ ਉਹਨਾਂ ਦੇ ਹੱਥੋਂ ਨਹੀਂ ਛੁਡਾਵਾਂਗਾ। 7ਮੈਂ ਵੱਢੀਆਂ ਜਾਣ ਵਾਲੀਆਂ ਅਤੇ ਕਮਜ਼ੋਰ ਭੇਡਾਂ ਦਾ ਅਯਾਲੀ ਬਣਿਆ। ਮੈਂ ਆਪਣੇ ਲਈ ਦੋ ਲਾਠੀਆਂ ਲਈਆਂ, ਇੱਕ ਨੂੰ “ਮਨੋਹਰਤਾ” ਅਤੇ ਦੂਜੀ ਨੂੰ “ਮਿਲਾਪ” ਕਿਹਾ ਅਤੇ ਮੈਂ ਭੇਡਾਂ ਨੂੰ ਚਰਾਇਆ। 8ਮੈਂ ਇੱਕ ਮਹੀਨੇ ਵਿੱਚ ਤਿੰਨਾਂ ਅਯਾਲੀਆਂ ਨੂੰ ਵੱਢ ਸੁੱਟਿਆ, ਜਿਨ੍ਹਾਂ ਤੋਂ ਮੇਰੀ ਜਾਨ ਦੁਖੀ ਸੀ ਅਤੇ ਉਹਨਾਂ ਦੀ ਜਾਨ ਵੀ ਮੇਰੇ ਤੋਂ ਨਫ਼ਰਤ ਕਰਦੀ ਸੀ। 9ਤਦ ਮੈਂ ਕਿਹਾ, ਮੈਂ ਤੁਹਾਨੂੰ ਨਹੀਂ ਚਰਾਵਾਂਗਾ, ਮਰਨ ਵਾਲਾ ਮਰ ਜਾਵੇ ਅਤੇ ਨਾਸ ਹੋ ਜਾਣ ਵਾਲਾ ਨਾਸ ਹੋ ਜਾਵੇ ਅਤੇ ਜਿਹੜੇ ਬਾਕੀ ਰਹਿਣ ਉਹ ਇੱਕ ਦੂਜਾ ਆਪਣੇ ਗੁਆਂਢੀ ਦਾ ਮਾਸ ਖਾਵੇ। 10ਤਾਂ ਮੈਂ ਆਪਣੀ “ਮਨੋਹਰਤਾ” ਲਾਠੀ ਲਈ ਅਤੇ ਉਹ ਦੇ ਟੁੱਕੜੇ ਕਰ ਦਿੱਤੇ, ਤਾਂ ਕਿ ਮੈਂ ਆਪਣੇ ਨੇਮ ਨੂੰ ਜਿਹੜਾ ਮੈਂ ਸਾਰੀਆਂ ਕੌਮਾਂ ਨਾਲ ਬੰਨ੍ਹਿਆ ਹੋਇਆ ਸੀ, ਤੋੜ ਲਵਾਂ। 11ਇਹ ਉਸ ਦਿਨ ਟੁੱਟ ਗਿਆ ਜਦ ਕਮਜ਼ੋਰ ਭੇਡਾਂ ਨੇ ਜਾਣ ਲਿਆ ਜਿਹੜੀਆਂ ਮੇਰੀਆਂ ਰੱਖੀਆਂ ਹੋਈਆਂ ਸਨ, ਕਿ ਇਹ ਯਹੋਵਾਹ ਦਾ ਬਚਨ ਹੈ। 12ਤਦ ਮੈਂ ਉਹਨਾਂ ਨੂੰ ਕਿਹਾ, ਜੇ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤਾਂ ਮੇਰੀ ਮਜ਼ਦੂਰੀ ਮੈਨੂੰ ਦਿਓ, ਨਹੀਂ ਤਾਂ, ਨਾ ਸਹੀ। ਉਹਨਾਂ ਨੇ ਤੋਲ ਕੇ ਤੀਹ ਦਿਨਾਂ ਦੀ ਮਜ਼ਦੂਰੀ ਮੈਨੂੰ ਦਿੱਤੀ। 13ਯਹੋਵਾਹ ਨੇ ਮੈਨੂੰ ਕਿਹਾ ਕਿ ਇਨ੍ਹਾਂ ਨੂੰ ਘੁਮਿਆਰ ਦੇ ਅੱਗੇ ਸੁੱਟ ਦੇ, ਉਸ ਵੱਡੇ ਮੁੱਲ ਨੂੰ ਜਿਹੜਾ ਉਹਨਾਂ ਨੇ ਮੇਰਾ ਪਾਇਆ ਸੀ। ਮੈਂ ਉਹ ਤੀਹ ਸ਼ਕੇਲ ਅਰਥਾਤ ਤੀਹ ਦਿਨਾਂ ਦੀ ਮਜ਼ਦੂਰੀ ਲੈ ਕੇ ਯਹੋਵਾਹ ਦੇ ਭਵਨ ਵਿੱਚ ਘੁਮਿਆਰ ਦੇ ਅੱਗੇ ਸੁੱਟ ਦਿੱਤੇ। 14ਤਾਂ ਮੈਂ ਆਪਣੀ ਦੂਜੀ ਲਾਠੀ ਜਿਸ ਦਾ ਮਿਲਾਪ ਹੈ, ਉਸ ਦੇ ਟੁੱਕੜੇ-ਟੁੱਕੜੇ ਕਰ ਦਿੱਤੇ, ਤਾਂ ਜੋ ਮੈਂ ਉਸ ਭਾਈਚਾਰੇ ਦੇ ਰਿਸ਼ਤੇ ਨੂੰ ਤੋੜ ਦੇਵਾਂ ਜੋ ਯਹੂਦਾਹ ਅਤੇ ਇਸਰਾਏਲ ਦੇ ਵਿੱਚ ਹੈ। 15ਤਦ ਯਹੋਵਾਹ ਨੇ ਮੈਨੂੰ ਕਿਹਾ ਕਿ ਫੇਰ ਮੂਰਖ ਅਯਾਲੀ ਦਾ ਸਮਾਨ ਲੈ 16ਕਿਉਂ ਜੋ ਵੇਖ, ਮੈਂ ਦੇਸ ਵਿੱਚ ਅਜਿਹੇ ਅਯਾਲੀ ਨੂੰ ਕਾਇਮ ਕਰਨ ਵਾਲਾ ਹਾਂ ਜਿਹੜਾ ਨਾਸ ਹੋਣ ਵਾਲਿਆਂ ਦੀ ਖ਼ਬਰ ਨਾ ਲਵੇਗਾ, ਭਟਕਿਆਂ ਹੋਇਆ ਨੂੰ ਨਾ ਭਾਲੇਗਾ, ਜ਼ਖਮੀ ਦਾ ਇਲਾਜ ਨਾ ਕਰੇਗਾ ਅਤੇ ਚੰਗੇ ਭਲੇ ਨੂੰ ਨਾ ਚਰਾਵੇਗਾ ਪਰ ਮੋਟਿਆਂ ਦਾ ਮਾਸ ਖਾਵੇਗਾ ਅਤੇ ਉਹਨਾਂ ਦੇ ਖੁਰ ਚੀਰ ਸੁੱਟੇਗਾ। 17ਹਾਏ ਉਸ ਮੇਰੇ ਮੂਰਖ ਅਯਾਲੀ ਲਈ! ਜਿਹੜਾ ਭੇਡਾਂ ਨੂੰ ਛੱਡ ਜਾਂਦਾ ਹੈ, ਤਲਵਾਰ ਉਸ ਦੀ ਬਾਂਹ ਉੱਤੇ ਅਤੇ ਉਸ ਦੀ ਸੱਜੀ ਅੱਖ ਉੱਤੇ ਆ ਪਵੇਗੀ, ਉਸ ਦੀ ਬਾਂਹ ਪੂਰੀ ਤਰ੍ਹਾਂ ਨਾਲ ਸੁੱਕ ਜਾਵੇਗੀ ਅਤੇ ਉਸ ਦੀ ਸੱਜੀ ਅੱਖ ਪੂਰੀ ਤਰ੍ਹਾਂ ਦੇ ਨਾਲ ਫੁੱਟ ਜਾਵੇਗੀ!
നിലവിൽ തിരഞ്ഞെടുത്തിരിക്കുന്നു:
ਜ਼ਕਰ 11: IRVPun
ഹൈലൈറ്റ് ചെയ്യുക
പകർത്തുക
താരതമ്യം
പങ്ക് വെക്കു
നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.