ਮੱਤੀ 28
28
ਯਿਸੂ ਦਾ ਜੀ ਉੱਠਣਾ
ਮਰਕੁਸ 16:1-10; ਲੂਕਾ 24:1-12; ਯੂਹੰਨਾ 20:1-10
1ਜਦ ਸਬਤ ਦਾ ਦਿਨ ਬੀਤ ਗਿਆ ਤਾਂ ਹਫ਼ਤੇ ਦੇ ਪਹਿਲੇ ਦਿਨ ਸਵੇਰ ਵੇਲੇ ਮਰਿਯਮ ਮਗਦਲੀਨੀ ਅਤੇ ਦੂਜੀ ਮਰਿਯਮ ਕਬਰ ਨੂੰ ਵੇਖਣ ਆਈਆਂ। 2ਅਤੇ ਵੇਖੋ ਇੱਕ ਵੱਡਾ ਭੂਚਾਲ ਆਇਆ, ਇਸ ਲਈ ਜੋ ਪ੍ਰਭੂ ਦਾ ਦੂਤ ਅਕਾਸ਼ੋਂ ਉਤਰਿਆ ਅਤੇ ਨੇੜੇ ਆ ਕੇ ਉਸ ਪੱਥਰ ਨੂੰ ਰੇੜ੍ਹ ਕੇ ਇੱਕ ਪਾਸੇ ਕਰ ਦਿੱਤਾ ਅਤੇ ਉਸ ਉੱਤੇ ਬੈਠ ਗਿਆ। 3ਉਹ ਦਾ ਰੂਪ ਬਿਜਲੀ ਵਰਗਾ ਅਤੇ ਉਹ ਦਾ ਬਸਤਰ ਬਰਫ਼ ਦੀ ਤਰ੍ਹਾਂ ਚਿੱਟਾ ਸੀ। 4ਅਤੇ ਉਹ ਦੇ ਡਰ ਦੇ ਕਾਰਨ ਰਖਵਾਲੇ ਕੰਬ ਉੱਠੇ ਅਤੇ ਮੁਰਦਿਆਂ ਵਾਂਗੂੰ ਹੋ ਗਏ। 5ਪਰ ਦੂਤ ਨੇ ਔਰਤਾਂ ਨੂੰ ਕਿਹਾ, ਤੁਸੀਂ ਨਾ ਡਰੋ ਕਿਉਂਕਿ ਮੈਂ ਜਾਣਦਾ ਹਾਂ ਜੋ ਤੁਸੀਂ ਯਿਸੂ ਨੂੰ ਜਿਹੜਾ ਸਲੀਬ ਉੱਤੇ ਚੜ੍ਹਾਇਆ ਗਿਆ ਸੀ, ਲੱਭਦੀਆਂ ਹੋ। 6ਉਹ ਐਥੇ ਨਹੀਂ ਹੈ, ਕਿਉਂਕਿ ਜਿਵੇਂ ਉਸ ਨੇ ਕਿਹਾ ਸੀ ਉਹ ਜੀ ਉੱਠਿਆ ਹੈ। ਆਓ ਇਹ ਥਾਂ ਵੇਖੋ ਜਿੱਥੇ ਪ੍ਰਭੂ ਪਿਆ ਹੋਇਆ ਸੀ। 7ਅਤੇ ਜਲਦੀ ਜਾ ਕੇ ਉਹ ਦੇ ਚੇਲਿਆਂ ਨੂੰ ਆਖੋ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਵੇਖੋ ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਂਦਾ ਹੈ, ਉਹ ਨੂੰ ਤੁਸੀਂ ਉੱਥੇ ਵੇਖੋਗੇ। ਲਓ ਮੈਂ ਤੁਹਾਨੂੰ ਦੱਸ ਦਿੱਤਾ। 8ਅਤੇ ਉਹ ਡਰ ਅਤੇ ਵੱਡੀ ਖੁਸ਼ੀ ਨਾਲ ਕਬਰ ਕੋਲੋਂ ਜਲਦੀ ਚੱਲ ਕੇ ਉਹ ਦੇ ਚੇਲਿਆਂ ਨੂੰ ਖ਼ਬਰ ਦੇਣ ਲਈ ਦੌੜੀਆਂ ਗਈਆਂ। 9ਅਤੇ ਵੇਖੋ ਯਿਸੂ ਉਨ੍ਹਾਂ ਨੂੰ ਮਿਲਿਆ ਅਤੇ ਬੋਲਿਆ, ਸੁਖੀ ਰਹੋ! ਅਤੇ ਉਨ੍ਹਾਂ ਨੇ ਕੋਲ ਆ ਕੇ ਯਿਸੂ ਦੇ ਚਰਨ ਫੜੇ ਅਤੇ ਉਸ ਨੂੰ ਮੱਥਾ ਟੇਕਿਆ। 10ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਡਰੋ ਨਾ, ਜਾਓ, ਮੇਰੇ ਭਾਈਆਂ ਨੂੰ ਆਖੋ ਜੋ ਗਲੀਲ ਨੂੰ ਜਾਣ ਅਤੇ ਉਹ ਉੱਥੇ ਮੈਨੂੰ ਵੇਖਣਗੇ।
ਪਹਿਰੇਦਾਰਾਂ ਦੀ ਸੂਚਨਾ
11ਜਿਸ ਵੇਲੇ ਉਹ ਜਾ ਰਹੀਆਂ ਸਨ ਤਾਂ ਵੇਖੋ ਪਹਿਰੇ ਵਾਲਿਆਂ ਵਿੱਚੋਂ ਕਈਆਂ ਨੇ ਸ਼ਹਿਰ ਜਾ ਕੇ ਸਾਰੀ ਘਟਨਾ ਮੁੱਖ ਜਾਜਕਾਂ ਨੂੰ ਦੱਸ ਦਿੱਤੀ। 12ਅਤੇ ਉਹ ਬਜ਼ੁਰਗਾਂ ਦੇ ਨਾਲ ਇਕੱਠੇ ਹੋਏ ਅਤੇ ਯੋਜਨਾਂ ਬਣਾ ਕੇ ਸਿਪਾਹੀਆਂ ਨੂੰ ਬਹੁਤ ਰੁਪਏ ਦਿੱਤੇ 13ਅਤੇ ਬੋਲੇ, ਤੁਸੀਂ ਇਹ ਆਖਣਾ ਕਿ ਜਦ ਅਸੀਂ ਸੁੱਤੇ ਹੋਏ ਸੀ, ਉਹ ਦੇ ਚੇਲੇ ਰਾਤ ਨੂੰ ਆ ਕੇ ਉਹ ਨੂੰ ਚੁਰਾ ਲੈ ਗਏ 14ਅਤੇ ਜੇ ਇਹ ਗੱਲ ਹਾਕਮ ਦੇ ਕੰਨਾਂ ਤੱਕ ਪਹੁੰਚੇ ਤਾਂ ਅਸੀਂ ਉਹ ਨੂੰ ਮਨਾ ਕੇ ਤੁਹਾਨੂੰ ਬਰੀ ਕਰ ਦਿਆਂਗੇ। 15ਸੋ ਉਨ੍ਹਾਂ ਨੇ ਰੁਪਏ ਲੈ ਕੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਸਿਖਾਏ ਗਏ ਸਨ ਅਤੇ ਇਹ ਗੱਲ ਅੱਜ ਤੱਕ ਯਹੂਦੀਆਂ ਵਿੱਚ ਪ੍ਰਚਲਿਤ ਹੈ।
ਯਿਸੂ ਦਾ ਦਿਖਾਈ ਦੇਣਾ ਅਤੇ ਅੰਤਿਮ ਹੁਕਮ
ਮਰਕੁਸ 16:14-18; ਲੂਕਾ 24:36-49; ਯੂਹੰਨਾ 20:19-23; ਰਸੂਲਾਂ ਦੇ ਕਰਤੱਬ 1:6-8
16ਫੇਰ ਉਹ ਗਿਆਰ੍ਹਾਂ ਚੇਲੇ ਗਲੀਲ ਵਿੱਚ ਉਸ ਪਹਾੜ ਉੱਤੇ ਗਏ ਜਿਹੜਾ ਯਿਸੂ ਨੇ ਉਨ੍ਹਾਂ ਲਈ ਠਹਿਰਾਇਆ ਹੋਇਆ ਸੀ। 17ਅਤੇ ਉਨ੍ਹਾਂ ਨੇ ਉਸ ਨੂੰ ਵੇਖ ਕੇ ਮੱਥਾ ਟੇਕਿਆ, ਪਰ ਕਈਆਂ ਨੇ ਸ਼ੱਕ ਕੀਤਾ। 18ਅਤੇ ਯਿਸੂ ਨੇ ਕੋਲ ਆ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ। 19ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। 20ਅਤੇ ਉਨ੍ਹਾਂ ਨੂੰ ਸਿਖਾਓ ਕਿ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਸੰਸਾਰ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹਾਂ।
നിലവിൽ തിരഞ്ഞെടുത്തിരിക്കുന്നു:
ਮੱਤੀ 28: IRVPun
ഹൈലൈറ്റ് ചെയ്യുക
പങ്ക് വെക്കു
താരതമ്യം
പകർത്തുക
നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.