ਆਮੋਸ 8
8
ਫਲਾਂ ਨਾਲ ਭਰੀ ਹੋਈ ਟੋਕਰੀ ਦਾ ਦਰਸ਼ਣ
1ਪ੍ਰਭੂ ਯਹੋਵਾਹ ਨੇ ਮੈਨੂੰ ਇਹ ਵਿਖਾਇਆ ਅਤੇ ਵੇਖੋ, ਗਰਮੀ ਦੇ ਫਲਾਂ#8:1 ਅੰਜੀਰ ਨਾਲ ਭਰੀ ਹੋਈ ਇੱਕ ਟੋਕਰੀ ਸੀ। 2ਉਸਨੇ ਪੁੱਛਿਆ, “ਆਮੋਸ ਤੂੰ ਕੀ ਵੇਖਦਾ ਹੈਂ?” ਮੈਂ ਉੱਤਰ ਦਿੱਤਾ, “ਗਰਮੀ ਦੇ ਫਲਾਂ ਨਾਲ ਭਰੀ ਹੋਈ ਇੱਕ ਟੋਕਰੀ।” ਤਦ ਯਹੋਵਾਹ ਨੇ ਮੈਨੂੰ ਕਿਹਾ, “ਮੇਰੀ ਪਰਜਾ ਇਸਰਾਏਲ ਦਾ ਅੰਤ ਆ ਗਿਆ ਹੈ! ਮੈਂ ਹੁਣ ਉਨ੍ਹਾਂ ਨੂੰ ਹੋਰ ਨਹੀਂ ਬਖ਼ਸ਼ਾਂਗਾ।” 3ਪ੍ਰਭੂ ਯਹੋਵਾਹ ਦਾ ਵਾਕ ਹੈ, “ਉਸ ਦਿਨ ਮੰਦਰ ਦੇ ਗੀਤ ਵਿਰਲਾਪ ਵਿੱਚ ਬਦਲ ਜਾਣਗੇ, ਲਾਸ਼ਾਂ ਦਾ ਵੱਡਾ ਢੇਰ ਲੱਗੇਗਾ ਅਤੇ ਉਹ ਹਰੇਕ ਸਥਾਨ ਉੱਤੇ ਚੁੱਪ-ਚਾਪ ਸੁੱਟ ਦਿੱਤੀਆਂ ਜਾਣਗੀਆਂ!”
ਇਸਰਾਏਲ ਦਾ ਪਤਨ
4“ਤੁਸੀਂ ਜੋ ਕੰਗਾਲਾਂ ਨੂੰ ਨਿਗਲਣਾ ਚਾਹੁੰਦੇ ਹੋ ਅਤੇ ਦੇਸ਼ ਦੇ ਨਿਮਰ ਲੋਕਾਂ ਨੂੰ ਨਾਸ ਕਰਨਾ ਚਾਹੁੰਦੇ ਹੋ,” ਸੁਣੋ! 5ਤੁਸੀਂ ਕਹਿੰਦੇ ਹੋ, “ਅਮੱਸਿਆ ਕਦੋਂ ਬੀਤੇਗੀ, ਤਾਂ ਜੋ ਅਸੀਂ ਅੰਨ ਵੇਚੀਏ? ਅਤੇ ਸਬਤ ਕਦੋਂ ਖ਼ਤਮ ਹੋਵੇਗਾ ਤਾਂ ਜੋ ਅਸੀਂ ਕਣਕ ਦੇ ਖੱਤੇ ਖੋਲ੍ਹੀਏ ਕਿ ਅਸੀਂ ਏਫਾਹ ਨੂੰ ਛੋਟਾ ਅਤੇ ਸ਼ਕੇਲ ਨੂੰ ਵੱਡਾ ਬਣਾਈਏ ਅਤੇ ਛਲ ਨਾਲ ਡੰਡੀ ਮਾਰੀਏ, 6ਤਾਂ ਜੋ ਅਸੀਂ ਗਰੀਬਾਂ ਨੂੰ ਚਾਂਦੀ ਨਾਲ ਅਤੇ ਕੰਗਾਲਾਂ ਨੂੰ ਜੁੱਤੀਆਂ ਦੇ ਇੱਕ ਜੋੜੇ ਨਾਲ ਮੁੱਲ ਲੈ ਲਈਏ ਅਤੇ ਕਣਕ ਦਾ ਕੂੜਾ ਵੇਚੀਏ!”
7ਯਹੋਵਾਹ, ਜਿਸ ਤੇ ਯਾਕੂਬ ਨੂੰ ਘਮੰਡ ਕਰਨਾ ਚਾਹੀਦਾ ਹੈ, ਉਸ ਨੇ ਆਪਣੀ ਸਹੁੰ ਖਾਧੀ ਹੈ, “ਮੈਂ ਉਹਨਾਂ ਦੀਆਂ ਸਾਰੀਆਂ ਕਰਤੂਤਾਂ ਨੂੰ ਕਦੇ ਨਾ ਭੁੱਲਾਂਗਾ! 8ਕੀ ਦੇਸ਼ ਇਸ ਦੇ ਕਾਰਨ ਨਾ ਕੰਬੇਗਾ? ਕੀ ਉਸ ਦੇ ਸਾਰੇ ਵਾਸੀ ਸੋਗ ਨਾ ਕਰਨਗੇ? ਹਾਂ, ਇਹ ਸਾਰਾ ਦੇਸ਼ ਨਦੀ ਦੀ ਤਰ੍ਹਾਂ ਚੜ੍ਹੇਗਾ, ਜੋ ਉੱਛਲਦੀ ਹੈ ਅਤੇ ਫੇਰ ਉਤਰ ਜਾਂਦੀ ਹੈ? ਮਿਸਰ ਦੀ ਨੀਲ ਨਦੀ ਦੀ ਤਰ੍ਹਾਂ!”
9ਪ੍ਰਭੂ ਯਹੋਵਾਹ ਦਾ ਵਾਕ ਹੈ, “ਉਸ ਦਿਨ ਮੈਂ ਸੂਰਜ ਨੂੰ ਭਰੀ ਦੁਪਹਿਰ ਨੂੰ ਲਾਹ ਦਿਆਂਗਾ ਅਤੇ ਦਿਨ-ਦਿਹਾੜੇ ਧਰਤੀ ਨੂੰ ਹਨ੍ਹੇਰਾ ਕਰ ਦਿਆਂਗਾ। 10ਮੈਂ ਤੁਹਾਡੇ ਪਰਬਾਂ ਨੂੰ ਸੋਗ ਵਿੱਚ ਅਤੇ ਤੁਹਾਡੇ ਸਾਰੇ ਗੀਤਾਂ ਨੂੰ ਵਿਰਲਾਪ ਵਿੱਚ ਬਦਲ ਦਿਆਂਗਾ। ਮੈਂ ਸਾਰਿਆਂ ਲੱਕਾਂ ਉੱਤੇ ਟਾਟ ਬੰਨ੍ਹਾਵਾਂਗਾ ਅਤੇ ਹਰੇਕ ਸਿਰ ਨੂੰ ਗੰਜਾ ਕਰਾਂਗਾ। ਮੈਂ ਉਸ ਦਿਨ ਅਜਿਹਾ ਵਿਰਲਾਪ ਕਰਾਵਾਂਗਾ ਜਿਵੇਂ ਇਕਲੌਤੇ ਲਈ ਹੁੰਦਾ ਹੈ ਅਤੇ ਉਸ ਦਾ ਅੰਤ ਭੈੜੇ ਦਿਨ ਜਿਹਾ ਹੋਵੇਗਾ।”
11“ਪ੍ਰਭੂ ਯਹੋਵਾਹ ਦਾ ਵਾਕ ਹੈ, ਵੇਖ, ਉਹ ਦਿਨ ਆਉਂਦੇ ਹਨ ਜਦ ਮੈਂ ਇਸ ਦੇਸ਼ ਵਿੱਚ ਕਾਲ ਭੇਜਾਂਗਾ, ਰੋਟੀ ਦਾ ਕਾਲ ਨਹੀਂ ਅਤੇ ਨਾ ਹੀ ਪਾਣੀ ਦੀ ਪਿਆਸ ਦਾ, ਸਗੋਂ ਯਹੋਵਾਹ ਦੀ ਬਾਣੀ ਦੇ ਸੁਣਨ ਦਾ ਕਾਲ ਹੋਵੇਗਾ। 12ਲੋਕ ਸਮੁੰਦਰ ਤੋਂ ਸਮੁੰਦਰ ਤੱਕ ਅਤੇ ਉੱਤਰ ਤੋਂ ਪੂਰਬ ਤੱਕ ਭਟਕਦੇ ਫਿਰਨਗੇ, ਉਹ ਯਹੋਵਾਹ ਦੀ ਬਾਣੀ ਨੂੰ ਭਾਲਣ ਲਈ ਇੱਧਰ-ਉੱਧਰ ਮਾਰੇ-ਮਾਰੇ ਫਿਰਨਗੇ, ਪਰ ਉਸ ਨੂੰ ਨਾ ਪਾਉਣਗੇ।
13“ਉਸ ਦਿਨ ਸੋਹਣੀਆਂ ਕੁਆਰੀਆਂ ਅਤੇ ਤਗੜੇ ਜੁਆਨ ਪਿਆਸ ਦੇ ਕਾਰਨ ਬੇਸੁਰਤ ਹੋ ਜਾਣਗੇ! 14ਉਹ ਲੋਕ ਜੋ ਸਾਮਰਿਯਾ ਦੀ ਅਸ਼ਮਾਹ ਦੀ ਸਹੁੰ ਖਾਂਦੇ ਹਨ ਅਤੇ ਕਹਿੰਦੇ ਹਨ, ਹੇ ਦਾਨ, ਤੇਰੇ ਜੀਵਨ ਦੀ ਸਹੁੰ, ਅਤੇ ਬਏਰਸ਼ਬਾ ਦੇ ਰਾਹ#8:14 ਮੂਰਤੀ ਪੂਜਾ ਦੀ ਸਹੁੰ, ਉਹ ਸਾਰੇ ਡਿੱਗ ਪੈਣਗੇ ਅਤੇ ਫੇਰ ਕਦੇ ਨਾ ਉੱਠਣਗੇ!”
നിലവിൽ തിരഞ്ഞെടുത്തിരിക്കുന്നു:
ਆਮੋਸ 8: IRVPun
ഹൈലൈറ്റ് ചെയ്യുക
പകർത്തുക
താരതമ്യം
പങ്ക് വെക്കു
നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.