ਆਮੋਸ 5
5
ਤੋਬਾ ਕਰਨ ਲਈ ਬੁਲਾਹਟ
1ਹੇ ਇਸਰਾਏਲ ਦੇ ਘਰਾਣੇ, ਇਨ੍ਹਾਂ ਬਚਨਾਂ ਨੂੰ ਸੁਣੋ, ਜਿਹੜੇ ਮੈਂ ਤੁਹਾਡੇ ਲਈ ਵਿਰਲਾਪ ਕਰਕੇ ਕਹਿੰਦਾ ਹਾਂ, 2“ਇਸਰਾਏਲ ਦੀ ਕੁਆਰੀ ਡਿੱਗ ਪਈ, ਉਹ ਫੇਰ ਨਾ ਉੱਠ ਸਕੇਗੀ, ਉਹ ਆਪਣੀ ਭੂਮੀ ਉੱਤੇ ਤਿਆਗ ਦਿੱਤੀ ਗਈ ਹੈ, ਉਸ ਨੂੰ ਚੁੱਕਣ ਵਾਲਾ ਕੋਈ ਨਹੀਂ।”
3ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, “ਜਿਸ ਸ਼ਹਿਰ ਵਿੱਚੋਂ ਹਜ਼ਾਰ#5:3 ਸਿਪਾਹੀ ਜੋ ਲੜਾਈ ਲਈ ਇਸਰਾਏਲ ਨੂੰ ਭੇਜੇ ਜਾਂਦੇ ਹਨ ਨਿੱਕਲਦੇ ਸਨ, ਉੱਥੇ ਇਸਰਾਏਲ ਦੇ ਘਰਾਣੇ ਦੇ ਸੌ ਰਹਿ ਜਾਣਗੇ, ਅਤੇ ਜਿਸ ਵਿੱਚੋਂ ਸੌ ਨਿੱਕਲਦੇ ਸਨ, ਉੱਥੇ ਦਸ ਹੀ ਰਹਿ ਜਾਣਗੇ।”
4ਯਹੋਵਾਹ ਇਸਰਾਏਲ ਦੇ ਘਰਾਣੇ ਨੂੰ ਇਹ ਆਖਦਾ ਹੈ, ਮੇਰੀ ਖੋਜ ਕਰੋ ਤਾਂ ਜੀਉਂਦੇ ਰਹੋਗੇ! 5ਪਰ ਬੈਤਏਲ ਦੀ ਖੋਜ਼ ਨਾ ਕਰੋ, ਨਾ ਗਿਲਗਾਲ ਵਿੱਚ ਵੜੋ, ਨਾ ਬਏਰਸ਼ਬਾ ਨੂੰ ਜਾਓ, ਕਿਉਂ ਜੋ ਗਿਲਗਾਲ ਜ਼ਰੂਰ ਹੀ ਗ਼ੁਲਾਮੀ ਵਿੱਚ ਜਾਵੇਗਾ ਅਤੇ ਬੈਤਏਲ ਮੁੱਕ ਜਾਵੇਗਾ।
6ਯਹੋਵਾਹ ਦੀ ਖੋਜ ਕਰੋ ਤਾਂ ਤੁਸੀਂ ਜੀਉਂਦੇ ਰਹੋਗੇ! ਕਿਤੇ ਉਹ ਅੱਗ ਵਾਂਗੂੰ ਯੂਸੁਫ਼ ਦੇ ਘਰਾਣੇ ਉੱਤੇ ਭੜਕ ਉੱਠੇ ਅਤੇ ਉਸ ਨੂੰ ਭਸਮ ਕਰੇ ਅਤੇ ਬੈਤਏਲ ਵਿੱਚ ਕੋਈ ਉਸ ਨੂੰ ਬੁਝਾਉਣ ਵਾਲਾ ਨਾ ਹੋਵੇਗਾ। 7ਤੁਸੀਂ ਜਿਹੜੇ ਨਿਆਂ ਨੂੰ ਕੁੜੱਤਣ ਵਿੱਚ ਬਦਲਦੇ ਹੋ ਅਤੇ ਧਰਮ ਨੂੰ ਮਿੱਟੀ ਵਿੱਚ ਮਿਲਾਉਂਦੇ ਹੋ!
8ਉਹ ਜੋ ਕੱਚ ਪਚਿਆ ਅਤੇ ਤਾਰਾ-ਮੰਡਲ ਦਾ ਬਣਾਉਣ ਵਾਲਾ ਹੈ, ਜੋ ਘਣਘੋਰ ਹਨੇਰੇ ਨੂੰ ਪ੍ਰਭਾਤ ਦੇ ਚਾਨਣ ਵਿੱਚ ਬਦਲ ਦਿੰਦਾ ਹੈ ਅਤੇ ਦਿਨ ਨੂੰ ਹਨੇਰੀ ਰਾਤ ਬਣਾ ਦਿੰਦਾ ਹੈ, ਜੋ ਸਮੁੰਦਰ ਦੇ ਪਾਣੀਆਂ ਨੂੰ ਬੁਲਾਉਂਦਾ ਹੈ ਅਤੇ ਉਹਨਾਂ ਨੂੰ ਧਰਤੀ ਉੱਤੇ ਵਹਾਉਂਦਾ ਹੈ, ਉਸਦਾ ਨਾਮ ਯਹੋਵਾਹ ਹੈ! 9ਜਿਹੜਾ ਛੇਤੀ ਨਾਲ ਬਲਵਾਨ ਦਾ ਵਿਨਾਸ਼ ਕਰ ਦਿੰਦਾ ਹੈ ਅਤੇ ਗੜ੍ਹਾਂ ਨੂੰ ਵੀ ਤਬਾਹ ਕਰ ਦਿੰਦਾ ਹੈ!
10ਜੋ ਫਾਟਕ ਵਿੱਚ ਤਾੜਨਾ ਦਿੰਦਾ ਹੈ, ਉਸ ਨਾਲ ਉਹ ਵੈਰ ਰੱਖਦੇ ਹਨ ਅਤੇ ਜੋ ਸੱਚ ਬੋਲਦਾ ਹੈ, ਉਸ ਤੋਂ ਉਹ ਘਿਰਣਾ ਕਰਦੇ ਹਨ। 11ਤੁਸੀਂ ਜੋ ਗਰੀਬ ਨੂੰ ਕੁਚਲਦੇ ਹੋ ਅਤੇ ਉਸ ਤੋਂ ਕਣਕ ਦੀ ਵਸੂਲੀ ਜ਼ਬਰਦਸਤੀ ਕਰਦੇ ਹੋ, ਇਸ ਲਈ ਜਿਹੜੇ ਘਰ ਤੁਸੀਂ ਘੜ੍ਹੇ ਹੋਏ ਪੱਥਰਾਂ ਨਾਲ ਬਣਾਏ ਹਨ, ਉਨ੍ਹਾਂ ਵਿੱਚ ਵੱਸ ਨਾ ਸਕੋਗੇ! ਅਤੇ ਜੋ ਸੁਹਾਵਣੇ ਅੰਗੂਰੀ ਬਾਗ਼ ਤੁਸੀਂ ਲਾਏ ਹਨ, ਉਨ੍ਹਾਂ ਦੀ ਮਧ ਨਾ ਪੀ ਸਕੋਗੇ! 12ਕਿਉਂ ਜੋ ਮੈਂ ਤੁਹਾਡੇ ਬਹੁਤਿਆਂ ਅਪਰਾਧਾਂ ਨੂੰ ਅਤੇ ਤੁਹਾਡੇ ਵੱਡੇ ਪਾਪਾਂ ਨੂੰ ਜਾਣਦਾ ਹਾਂ, ਤੁਸੀਂ ਧਰਮੀ ਨੂੰ ਸਤਾਉਂਦੇ ਹੋ ਅਤੇ ਰਿਸ਼ਵਤ ਲੈਂਦੇ ਹੋ, ਅਤੇ ਫਾਟਕ ਵਿੱਚ ਕੰਗਾਲਾਂ ਦਾ ਹੱਕ ਮਾਰਦੇ ਹੋ! 13ਇਸ ਲਈ ਜੋ ਸਮਝਦਾਰ ਹੈ, ਉਹ ਅਜਿਹੇ ਸਮੇਂ ਵਿੱਚ ਚੁੱਪ-ਚਾਪ ਰਹੇ, ਕਿਉਂ ਜੋ ਇਹ ਸਮਾਂ ਬੁਰਾ ਹੈ!
14ਹੇ ਲੋਕੋ, ਭਲਿਆਈ ਦੀ ਖੋਜ ਕਰੋ, ਬੁਰਿਆਈ ਦੀ ਨਹੀਂ, ਤਾਂ ਜੋ ਤੁਸੀਂ ਜੀਉਂਦੇ ਰਹੋ, ਫਿਰ ਜਿਵੇਂ ਤੁਸੀਂ ਕਹਿੰਦੇ ਹੋ ਉਸੇ ਤਰ੍ਹਾਂ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਤੁਹਾਡੇ ਅੰਗ-ਸੰਗ ਹੋਵੇਗਾ। 15ਬੁਰਿਆਈ ਤੋਂ ਘਿਰਣਾ ਕਰੋ ਅਤੇ ਭਲਿਆਈ ਨੂੰ ਪਿਆਰ ਕਰੋ, ਫਾਟਕ ਵਿੱਚ ਨਿਆਂ ਨੂੰ ਸਥਾਪਤ ਕਰੋ, ਕੀ ਜਾਣੀਏ ਸੈਨਾਂ ਦਾ ਪਰਮੇਸ਼ੁਰ ਯਹੋਵਾਹ ਯੂਸੁਫ਼ ਦੇ ਬਚੇ ਹੋਇਆਂ ਉੱਤੇ ਕਿਰਪਾ ਕਰੇ।
16ਇਸ ਲਈ ਸੈਨਾਂ ਦਾ ਪਰਮੇਸ਼ੁਰ ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, “ਸਾਰੇ ਚੌਕਾਂ ਵਿੱਚ ਰੋਣਾ-ਪਿੱਟਣਾ ਹੋਵੇਗਾ ਅਤੇ ਸਾਰੀਆਂ ਗਲੀਆਂ ਵਿੱਚ ਲੋਕ ਹਾਏ ਹਾਏ! ਕਰਨਗੇ, ਉਹ ਕਿਸਾਨ ਨੂੰ ਸੋਗ ਕਰਨ ਲਈ ਅਤੇ ਵਿਰਲਾਪ ਕਰਨ ਦੇ ਮਾਹਰਾਂ ਨੂੰ ਰੋਣ-ਪਿੱਟਣ ਲਈ ਸੱਦਣਗੇ। 17ਸਾਰੇ ਅੰਗੂਰੀ ਬਾਗ਼ਾਂ ਵਿੱਚ ਰੋਣਾ-ਪਿੱਟਣਾ ਹੋਵੇਗਾ, ਕਿਉਂਕਿ ਮੈਂ ਤੁਹਾਡੇ ਵਿੱਚੋਂ ਦੀ ਲੰਘਾਂਗਾ,” ਯਹੋਵਾਹ ਦਾ ਇਹੋ ਬਚਨ ਹੈ।
18ਹਾਏ ਤੁਹਾਡੇ ਉੱਤੇ ਜੋ ਯਹੋਵਾਹ ਦੇ ਨਿਆਂ ਦੇ ਦਿਨ ਨੂੰ ਲੋਚਦੇ ਹੋ! ਤੁਸੀਂ ਯਹੋਵਾਹ ਦਾ ਨਿਆਂ ਦਾ ਦਿਨ ਕਿਉਂ ਚਾਹੁੰਦੇ ਹੋ? ਉਹ ਹਨੇਰੇ ਦਾ ਦਿਨ ਹੈ, ਚਾਨਣ ਦਾ ਨਹੀਂ! 19ਜਿਵੇਂ ਕੋਈ ਮਨੁੱਖ ਬੱਬਰ ਸ਼ੇਰ ਦੇ ਅੱਗਿਓਂ ਭੱਜੇ ਅਤੇ ਰਿੱਛ ਉਸ ਨੂੰ ਟੱਕਰੇ, ਜਾਂ ਉਹ ਘਰ ਵਿੱਚ ਆ ਕੇ ਆਪਣਾ ਹੱਥ ਕੰਧ ਉੱਤੇ ਰੱਖੇ ਅਤੇ ਸੱਪ ਉਸ ਨੂੰ ਡੱਸ ਲਵੇ! 20ਕੀ ਇਹ ਸੱਚ ਨਹੀਂ ਕਿ ਯਹੋਵਾਹ ਦਾ ਦਿਨ ਹਨ੍ਹੇਰਾ ਹੋਵੇਗਾ, ਨਾ ਕਿ ਚਾਨਣ? ਅਤੇ ਘੁੱਪ ਹਨ੍ਹੇਰਾ, ਜਿਸ ਦੇ ਵਿੱਚ ਕੋਈ ਚਮਕ ਨਾ ਹੋਵੇਗੀ?
21ਮੈਂ ਤੁਹਾਡੇ ਪਰਬਾਂ ਤੋਂ ਵੈਰ ਰੱਖਦਾ ਅਤੇ ਘਿਰਣਾ ਕਰਦਾ ਹਾਂ ਅਤੇ ਤੁਹਾਡੀਆਂ ਮਹਾਂਸਭਾਵਾਂ ਨੂੰ ਪਸੰਦ ਨਹੀਂ ਕਰਦਾ! 22ਭਾਵੇਂ ਤੁਸੀਂ ਮੈਨੂੰ ਹੋਮ ਬਲੀਆਂ ਅਤੇ ਮੈਦੇ ਦੀਆਂ ਭੇਟਾਂ ਚੜ੍ਹਾਓ, ਤਾਂ ਵੀ ਮੈਂ ਉਹਨਾਂ ਨੂੰ ਕਬੂਲ ਨਹੀਂ ਕਰਾਂਗਾ ਅਤੇ ਤੁਹਾਡੇ ਪਲੇ ਹੋਏ ਪਸ਼ੂਆਂ ਦੀਆਂ ਸੁੱਖ-ਸਾਂਦ ਦੀਆਂ ਬਲੀਆਂ ਉੱਤੇ ਮੈਂ ਧਿਆਨ ਨਹੀਂ ਦੇਵਾਂਗਾ। 23ਆਪਣੇ ਗੀਤਾਂ ਦਾ ਰੌਲ਼ਾ ਮੇਰੇ ਤੋਂ ਦੂਰ ਕਰੋ, ਤੁਹਾਡੇ ਰਬਾਬਾਂ ਦਾ ਸੁਰ ਮੈਂ ਨਹੀਂ ਸੁਣਾਂਗਾ। 24ਪਰ ਨਿਆਂ ਨੂੰ ਨਦੀ ਦੀ ਤਰ੍ਹਾਂ ਅਤੇ ਧਰਮ ਨੂੰ ਬਾਰ੍ਹਾਂ-ਮਾਸੀ ਨਦੀ ਦੀ ਤਰ੍ਹਾਂ ਵਗਣ ਦਿਓ!
25“ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਉਜਾੜ ਵਿੱਚ ਚਾਲ੍ਹੀ ਸਾਲ ਤੱਕ ਬਲੀਆਂ ਅਤੇ ਭੇਟਾਂ ਮੈਨੂੰ ਹੀ ਚੜ੍ਹਾਉਂਦੇ ਰਹੇ ਹੋ? 26ਨਹੀਂ, ਤੁਸੀਂ ਤਾਂ ਆਪਣੇ ਰਾਜਾ ਦੇ ਡੇਰੇ ਨੂੰ ਅਤੇ ਆਪਣੇ ਬੁੱਤਾਂ ਦੀ ਚੌਂਕੀ ਨੂੰ ਅਤੇ ਆਪਣੇ ਕੀਯੂਨ ਦੇਵਤੇ ਦੇ ਤਾਰੇ ਨੂੰ ਚੁੱਕ ਕੇ ਫਿਰਦੇ ਰਹੇ, ਜਿਸ ਨੂੰ ਤੁਸੀਂ ਆਪਣੇ ਲਈ ਬਣਾਇਆ! 27ਇਸ ਲਈ ਮੈਂ ਤੁਹਾਨੂੰ ਦੰਮਿਸ਼ਕ ਸ਼ਹਿਰ ਤੋਂ ਪਰੇ ਗ਼ੁਲਾਮੀ ਵਿੱਚ ਲੈ ਜਾਂਵਾਂਗਾ,” ਯਹੋਵਾਹ ਦਾ ਇਹੋ ਬਚਨ ਹੈ, ਜਿਸ ਦਾ ਨਾਮ ਸੈਨਾਂ ਦਾ ਪਰਮੇਸ਼ੁਰ ਹੈ!
നിലവിൽ തിരഞ്ഞെടുത്തിരിക്കുന്നു:
ਆਮੋਸ 5: IRVPun
ഹൈലൈറ്റ് ചെയ്യുക
പകർത്തുക
താരതമ്യം
പങ്ക് വെക്കു
നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.