ਆਮੋਸ 1
1
1ਆਮੋਸ ਦੇ ਬਚਨ, ਜਿਹੜੀ ਤਕੋਆਹ ਸ਼ਹਿਰ ਦੇ ਚਰਵਾਹਿਆਂ ਵਿੱਚੋਂ ਸੀ, ਜਿਸ ਦਾ ਉਸ ਨੇ ਇਸਰਾਏਲ ਦੇ ਵਿਖੇ ਦਰਸ਼ਣ ਪਾਇਆ। ਇਹ ਯਹੂਦਾਹ ਦੇ ਰਾਜੇ ਉੱਜ਼ੀਯਾਹ ਦੇ ਦਿਨਾਂ ਵਿੱਚ ਅਤੇ ਯੋਆਸ਼ ਦੇ ਪੁੱਤਰ ਯਾਰਾਬੁਆਮ, ਇਸਰਾਏਲ ਦੇ ਰਾਜੇ ਦੇ ਦਿਨਾਂ ਵਿੱਚ ਭੁਚਾਲ ਤੋਂ ਦੋ ਸਾਲ ਪਹਿਲਾਂ ਹੋਇਆ।
2ਉਸ ਨੇ ਕਿਹਾ, “ਯਹੋਵਾਹ ਸੀਯੋਨ ਤੋਂ ਗੱਜੇਗਾ ਅਤੇ ਯਰੂਸ਼ਲਮ ਤੋਂ ਆਪਣਾ ਸ਼ਬਦ ਸੁਣਾਵੇਗਾ, ਤਾਂ ਚਰਵਾਹਿਆਂ ਦੀਆਂ ਚਾਰਗਾਹਾਂ ਸੋਗ ਕਰਨਗੀਆਂ ਅਤੇ ਕਰਮਲ ਦੀ ਚੋਟੀ ਸੁੱਕ ਜਾਵੇਗੀ।”
ਇਸਰਾਏਲ ਦੇ ਗੁਆਂਢੀ ਰਾਜਾਂ ਦਾ ਨਿਆਂ
ਅਰਾਮ
3ਯਹੋਵਾਹ ਇਹ ਫ਼ਰਮਾਉਂਦਾ ਹੈ, “ਦੰਮਿਸ਼ਕ ਸ਼ਹਿਰ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਨ੍ਹਾਂ ਨੇ ਗਿਲਆਦ ਦੇਸ ਨੂੰ ਲੋਹੇ ਦੇ ਸੰਦਾਂ ਨਾਲ ਕੁਚਲਿਆ ਹੈ। 4ਇਸ ਲਈ ਮੈਂ ਹਜ਼ਾਏਲ ਰਾਜਾ ਦੇ ਮਹਿਲ ਵਿੱਚ ਅੱਗ ਭੇਜਾਂਗਾ ਅਤੇ ਉਹ ਬਨ-ਹਦਦ ਰਾਜਾ ਦੇ ਗੜ੍ਹਾਂ ਨੂੰ ਵੀ ਭਸਮ ਕਰੇਗੀ। 5ਮੈਂ ਦੰਮਿਸ਼ਕ ਦੇ ਅਰਲਾਂ ਨੂੰ ਤੋੜ ਦਿਆਂਗਾ ਅਤੇ ਮੈਂ ਆਵਨ ਦੀ ਘਾਟੀ ਦੇ ਵਾਸੀਆਂ#1:5 ਰਾਜੇ ਨੂੰ ਅਤੇ ਬੈਤ ਅਦਨ ਦੇ ਘਰਾਣੇ ਤੋਂ ਸ਼ਾਹੀ ਆੱਸਾ ਫੜਨ ਵਾਲੇ ਨੂੰ ਨਾਸ ਕਰਾਂਗਾ ਅਤੇ ਅਰਾਮ ਦੇ ਲੋਕ ਗ਼ੁਲਾਮ ਹੋ ਕੇ ਕੀਰ ਨੂੰ ਜਾਣਗੇ,” ਯਹੋਵਾਹ ਦੀ ਇਹੋ ਬਾਣੀ ਹੈ।
ਫ਼ਲਿਸਤ
6ਯਹੋਵਾਹ ਇਹ ਫ਼ਰਮਾਉਂਦਾ ਹੈ, “ਅੱਜ਼ਾਹ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਹ ਇੱਕ ਪੂਰੀ ਕੌਮ ਨੂੰ ਗ਼ੁਲਾਮੀ ਵਿੱਚ ਲੈ ਗਏ ਤਾਂ ਜੋ ਉਨ੍ਹਾਂ ਨੂੰ ਅਦੋਮ ਦੇ ਹਵਾਲੇ ਕਰਨ। 7ਇਸ ਲਈ ਮੈਂ ਅੱਜ਼ਾਹ ਸ਼ਹਿਰ ਦੀ ਸ਼ਹਿਰਪਨਾਹ ਉੱਤੇ ਅੱਗ ਭੇਜਾਂਗਾ ਅਤੇ ਉਹ ਉਸ ਦੇ ਗੜ੍ਹਾਂ ਨੂੰ ਭਸਮ ਕਰੇਗੀ। 8ਮੈਂ ਅਸ਼ਦੋਦ ਦੇ ਵਾਸੀਆਂ ਨੂੰ ਅਤੇ ਅਸ਼ਕਲੋਨ ਤੋਂ ਸ਼ਾਹੀ ਆੱਸਾ ਫੜਨ ਵਾਲੇ ਨੂੰ ਨਾਸ ਕਰਾਂਗਾ, ਮੈਂ ਅਕਰੋਨ ਦੇ ਵਿਰੁੱਧ ਆਪਣਾ ਹੱਥ ਚਲਾਵਾਂਗਾ ਅਤੇ ਫ਼ਲਿਸਤੀਆਂ ਦੇ ਬਚੇ ਹੋਏ ਲੋਕ ਨਾਸ ਹੋ ਜਾਣਗੇ,” ਪ੍ਰਭੂ ਯਹੋਵਾਹ ਦੀ ਇਹੋ ਬਾਣੀ ਹੈ।
ਸੂਰ
9ਯਹੋਵਾਹ ਇਹ ਫ਼ਰਮਾਉਂਦਾ ਹੈ, “ਸੂਰ ਸ਼ਹਿਰ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ ਕਿਉਂ ਜੋ ਉਨ੍ਹਾਂ ਨੇ ਇੱਕ ਪੂਰੀ ਕੌਮ ਨੂੰ ਅਦੋਮ ਦੇ ਹਵਾਲੇ ਕਰ ਦਿੱਤਾ ਅਤੇ ਭਾਈਚਾਰੇ ਦਾ ਨੇਮ ਯਾਦ ਨਾ ਰੱਖਿਆ। 10ਇਸ ਲਈ ਮੈਂ ਸੂਰ ਦੀ ਸ਼ਹਿਰਪਨਾਹ ਉੱਤੇ ਅੱਗ ਭੇਜਾਂਗਾ ਅਤੇ ਉਹ ਉਸ ਦੇ ਗੜ੍ਹਾਂ ਨੂੰ ਭਸਮ ਕਰੇਗੀ।”
ਅਦੋਮ
11ਯਹੋਵਾਹ ਇਹ ਫ਼ਰਮਾਉਂਦਾ ਹੈ, “ਅਦੋਮ ਸ਼ਹਿਰ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਸ ਨੇ ਤਲਵਾਰ ਨਾਲ ਆਪਣੇ ਭਰਾ ਦਾ ਪਿੱਛਾ ਕੀਤਾ ਅਤੇ ਆਪਣੀ ਦਯਾ ਨੂੰ ਛੱਡ ਦਿੱਤਾ, ਉਸ ਦਾ ਕ੍ਰੋਧ ਸਦਾ ਭੜਕਿਆ ਹੀ ਰਿਹਾ, ਅਤੇ ਉਸ ਨੇ ਆਪਣਾ ਕਹਿਰ ਸਦਾ ਲਈ ਰੱਖ ਛੱਡਿਆ। 12ਇਸ ਲਈ ਮੈਂ ਤੇਮਾਨ ਸ਼ਹਿਰ ਉੱਤੇ ਅੱਗ ਭੇਜਾਂਗਾ ਅਤੇ ਉਹ ਬਾਸਰਾਹ ਸ਼ਹਿਰ ਦੇ ਗੜ੍ਹਾਂ ਨੂੰ ਭਸਮ ਕਰੇਗੀ।”
ਅੰਮੋਨ
13ਯਹੋਵਾਹ ਇਹ ਫ਼ਰਮਾਉਂਦਾ ਹੈ, “ਅੰਮੋਨੀਆਂ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਨ੍ਹਾਂ ਨੇ ਆਪਣੀ ਹੱਦ ਵਧਾਉਣ ਲਈ ਗਿਲਆਦ ਦੀਆਂ ਗਰਭਵਤੀਆਂ ਨੂੰ ਚੀਰ ਦਿੱਤਾ। 14ਮੈਂ ਰੱਬਾਹ ਸ਼ਹਿਰ ਦੀ ਸ਼ਹਿਰਪਨਾਹ ਵਿੱਚ ਅੱਗ ਲਾਵਾਂਗਾ ਅਤੇ ਉਹ ਉਸ ਦੇ ਗੜ੍ਹਾਂ ਨੂੰ ਭਸਮ ਕਰੇਗੀ। ਯੁੱਧ ਦੇ ਦਿਨ ਲਲਕਾਰ ਹੋਵੇਗੀ ਸਗੋਂ ਵਾਵਰੋਲੇ ਅਤੇ ਤੂਫ਼ਾਨ ਦਾ ਇੱਕ ਦਿਨ ਹੋਵੇਗਾ। 15ਉਨ੍ਹਾਂ ਦਾ ਰਾਜਾ ਆਪਣੇ ਹਾਕਮਾਂ ਸਮੇਤ ਗ਼ੁਲਾਮੀ ਵਿੱਚ ਜਾਵੇਗਾ, ਯਹੋਵਾਹ ਦੀ ਇਹੋ ਬਾਣੀ ਹੈ।”
നിലവിൽ തിരഞ്ഞെടുത്തിരിക്കുന്നു:
ਆਮੋਸ 1: IRVPun
ഹൈലൈറ്റ് ചെയ്യുക
പകർത്തുക
താരതമ്യം
പങ്ക് വെക്കു
നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.