ਉਤਪਤ 34

34
ਦੀਨਾਹ ਅਤੇ ਸ਼ਕਮੀਆਂ
1ਹੁਣ ਦੀਨਾਹ, ਲੇਆਹ ਦੀ ਧੀ ਯਾਕੋਬ ਤੋਂ ਜੰਮੀ ਸੀ, ਉਸ ਦੇਸ਼ ਦੀਆਂ ਔਰਤਾਂ ਨੂੰ ਮਿਲਣ ਲਈ ਬਾਹਰ ਗਈ। 2ਜਦੋਂ ਉਸ ਇਲਾਕੇ ਦੇ ਹਾਕਮ ਹਮੋਰ ਹਿੱਤੀ ਦੇ ਪੁੱਤਰ ਸ਼ਕਮ ਨੇ ਉਸ ਨੂੰ ਵੇਖਿਆ ਤਾਂ ਉਸ ਨੂੰ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। 3ਉਹ ਦਾ ਮਨ ਯਾਕੋਬ ਦੀ ਧੀ ਦੀਨਾਹ ਵੱਲ ਖਿੱਚਿਆ ਗਿਆ। ਉਹ ਮੁਟਿਆਰ ਨੂੰ ਪਿਆਰ ਕਰਦਾ ਸੀ ਅਤੇ ਉਸ ਨਾਲ ਪਿਆਰ ਨਾਲ ਗੱਲ ਕਰਦਾ ਸੀ। 4ਅਤੇ ਸ਼ਕਮ ਨੇ ਆਪਣੇ ਪਿਤਾ ਹਮੋਰ ਨੂੰ ਆਖਿਆ, ਇਸ ਕੁੜੀ ਨੂੰ ਮੇਰੀ ਪਤਨੀ ਬਣਾ ਲੈ।
5ਜਦੋਂ ਯਾਕੋਬ ਨੇ ਸੁਣਿਆ ਕਿ ਉਸਦੀ ਧੀ ਦੀਨਾਹ ਭ੍ਰਿਸ਼ਟ ਹੋ ਗਈ ਹੈ, ਤਾਂ ਉਸਦੇ ਪੁੱਤਰ ਆਪਣੇ ਪਸ਼ੂਆਂ ਸਮੇਤ ਖੇਤਾਂ ਵਿੱਚ ਸਨ। ਇਸ ਲਈ ਉਸਨੇ ਘਰ ਆਉਣ ਤੱਕ ਇਸ ਵਿਸ਼ੇ ਬਾਰੇ ਚੁੱਪ ਹੀ ਕੀਤਾ ਰਿਹਾ।
6ਫਿਰ ਸ਼ਕਮ ਦਾ ਪਿਤਾ ਹਮੋਰ ਯਾਕੋਬ ਨਾਲ ਗੱਲ ਕਰਨ ਲਈ ਬਾਹਰ ਗਿਆ। 7ਇਸ ਦੌਰਾਨ, ਯਾਕੋਬ ਦੇ ਪੁੱਤਰ ਵੀ ਜੋ ਵਾਪਰਿਆ ਸੀ ਉਸ ਬਾਰੇ ਸੁਣਦਿਆਂ ਹੀ ਖੇਤਾਂ ਵਿੱਚੋਂ ਪਰਤੇ। ਉਹ ਹੈਰਾਨ ਅਤੇ ਗੁੱਸੇ ਵਿੱਚ ਸਨ, ਕਿਉਂਕਿ ਸ਼ਕਮ ਨੇ ਯਾਕੋਬ ਦੀ ਧੀ ਨਾਲ ਸੌਂ ਕੇ ਇਸਰਾਏਲ ਵਿੱਚ ਇੱਕ ਘਿਣਾਉਣੀ ਗੱਲ ਕੀਤੀ ਸੀ, ਇੱਕ ਅਜਿਹਾ ਕੰਮ ਜੋ ਨਹੀਂ ਕੀਤਾ ਜਾਣਾ ਚਾਹੀਦਾ ਸੀ।
8ਪਰ ਹਮੋਰ ਨੇ ਉਹਨਾਂ ਨੂੰ ਕਿਹਾ, “ਮੇਰੇ ਪੁੱਤਰ ਸ਼ਕਮ ਦਾ ਮਨ ਤੁਹਾਡੀ ਧੀ ਉੱਤੇ ਲੱਗਾ ਹੋਇਆ ਹੈ। ਕਿਰਪਾ ਕਰਕੇ ਉਸਨੂੰ ਉਸਦੀ ਪਤਨੀ ਵਜੋਂ ਦੇ ਦਿਓ। 9ਸਾਡੇ ਨਾਲ ਰਿਸ਼ਤੇਦਾਰੀ ਬਣਾਓ ਸਾਨੂੰ ਆਪਣੀਆਂ ਧੀਆਂ ਦਿਓ ਅਤੇ ਸਾਡੀਆਂ ਧੀਆਂ ਆਪਣੇ ਲਈ ਲੈ ਲਵੋ। 10ਤੁਸੀਂ ਸਾਡੇ ਵਿਚਕਾਰ ਵੱਸ ਸਕਦੇ ਹੋ ਕਿਉ ਜੋ ਜ਼ਮੀਨ ਤੁਹਾਡੇ ਲਈ ਖੁੱਲ੍ਹੀ ਹੈ ਇੱਥੇ ਰਹੋ, ਵਪਾਰ ਕਰੋ ਅਤੇ ਇਸ ਨੂੰ ਆਪਣੀ ਨਿੱਜ ਸੰਪਤੀ ਬਣਾਓ।”
11ਤਦ ਸ਼ਕਮ ਨੇ ਦੀਨਾਹ ਦੇ ਪਿਤਾ ਅਤੇ ਭਰਾਵਾਂ ਨੂੰ ਕਿਹਾ, “ਮੈਨੂੰ ਤੁਹਾਡੀ ਨਿਗਾਹ ਵਿੱਚ ਮਿਹਰ ਪਾਉਣ ਦਿਓ, ਅਤੇ ਜੋ ਕੁਝ ਤੂੰ ਮੰਗੇਗਾ ਮੈਂ ਤੈਨੂੰ ਦੇਵਾਂਗਾ। 12ਲਾੜੀ ਦੀ ਕੀਮਤ ਅਤੇ ਤੋਹਫ਼ੇ ਦੀ ਕੀਮਤ ਜੋ ਮੈਂ ਲੈ ਕੇ ਆਵਾਂਗਾ ਜਿੰਨਾ ਤੁਸੀਂ ਚਾਹੁੰਦੇ ਹੋ, ਅਤੇ ਜੋ ਤੁਸੀਂ ਮੇਰੇ ਤੋਂ ਮੰਗੋਂਗੇ ਮੈਂ ਅਦਾ ਕਰ ਦਿਆਂਗਾ। ਸਿਰਫ ਮੈਨੂੰ ਉਸ ਮੁਟਿਆਰ ਨੂੰ ਮੇਰੀ ਪਤਨੀ ਦੇ ਰੂਪ ਵਿੱਚ ਦੇ ਦਿਓ।”
13ਕਿਉਂਕਿ ਉਹਨਾਂ ਦੀ ਭੈਣ ਦੀਨਾਹ ਭ੍ਰਿਸ਼ਟ ਹੋ ਗਈ ਸੀ, ਇਸ ਲਈ ਯਾਕੋਬ ਦੇ ਪੁੱਤਰਾਂ ਨੇ ਸ਼ਕਮ ਅਤੇ ਉਸ ਦੇ ਪਿਤਾ ਹਮੋਰ ਨੂੰ ਧੋਖੇ ਨਾਲ ਉੱਤਰ ਦਿੱਤਾ। 14ਉਹਨਾਂ ਨੇ ਉਹਨਾਂ ਨੂੰ ਆਖਿਆ, “ਅਸੀਂ ਅਜਿਹਾ ਕੁਝ ਨਹੀਂ ਕਰ ਸਕਦੇ। ਅਸੀਂ ਆਪਣੀ ਭੈਣ ਨੂੰ ਅਜਿਹੇ ਆਦਮੀ ਨੂੰ ਨਹੀਂ ਦੇ ਸਕਦੇ ਜਿਸਦੀ ਸੁੰਨਤ ਨਹੀਂ ਹੋਈ ਹੈ। ਇਹ ਸਾਡੇ ਲਈ ਬਦਨਾਮੀ ਹੋਵੇਗੀ। 15ਅਸੀਂ ਤੁਹਾਡੇ ਨਾਲ ਸਿਰਫ ਇੱਕ ਸ਼ਰਤ ਉੱਤੇ ਇਕਰਾਰਨਾਮਾ ਕਰਾਂਗੇ ਕਿ ਤੁਸੀਂ ਆਪਣੇ ਸਾਰੇ ਮਰਦਾਂ ਦੀ ਸੁੰਨਤ ਕਰਕੇ ਸਾਡੇ ਵਰਗੇ ਬਣ ਜਾਓ। 16ਤਦ ਅਸੀਂ ਤੁਹਾਨੂੰ ਆਪਣੀਆਂ ਧੀਆਂ ਦੇਵਾਂਗੇ ਅਤੇ ਤੁਹਾਡੀਆਂ ਧੀਆਂ ਆਪਣੇ ਲਈ ਲੈ ਲਵਾਂਗੇ। ਅਸੀਂ ਤੁਹਾਡੇ ਵਿਚਕਾਰ ਵੱਸਾਗੇ ਅਤੇ ਅਸੀਂ ਇੱਕ ਕੌਮ ਬਣ ਜਾਵਾਂਗੇ। 17ਪਰ ਜੇ ਤੁਸੀਂ ਸੁੰਨਤ ਕਰਾਉਣ ਲਈ ਰਾਜ਼ੀ ਨਹੀਂ ਹੋ, ਤਾਂ ਅਸੀਂ ਆਪਣੀ ਭੈਣ ਨੂੰ ਲੈ ਕੇ ਚਲੇ ਜਾਵਾਂਗੇ।”
18ਉਹਨਾਂ ਦੀਆਂ ਗੱਲਾਂ ਹਮੋਰ ਅਤੇ ਉਸ ਦੇ ਪੁੱਤਰ ਸ਼ਕਮ ਨੂੰ ਚੰਗੀਆਂ ਲੱਗੀਆਂ। 19ਉਸ ਜੁਆਨ ਨੇ ਜੋ ਆਪਣੇ ਪਿਤਾ ਦੇ ਸਾਰੇ ਘਰਾਣੇ ਵਿੱਚੋਂ ਸਭ ਤੋਂ ਵੱਧ ਆਦਰਯੋਗ ਸੀ, ਉਹਨਾਂ ਦੇ ਕਹਿਣ ਵਿੱਚ ਕੋਈ ਸਮਾਂ ਨਾ ਗੁਆਇਆ ਕਿਉਂ ਜੋ ਉਹ ਯਾਕੋਬ ਦੀ ਧੀ ਨਾਲ ਪ੍ਰਸੰਨ ਸੀ। 20ਤਾਂ ਹਮੋਰ ਅਤੇ ਉਹ ਦਾ ਪੁੱਤਰ ਸ਼ਕਮ ਆਪਣੇ ਸ਼ਹਿਰ ਦੇ ਫਾਟਕ ਉੱਤੇ ਆਪਣੇ ਸ਼ਹਿਰ ਦੇ ਮਨੁੱਖਾਂ ਨਾਲ ਗੱਲ ਕਰਨ ਲਈ ਗਏ। 21ਉਹਨਾਂ ਨੇ ਕਿਹਾ, “ਇਹ ਮਨੁੱਖ ਸਾਡੇ ਨਾਲ ਮਿਲ-ਜੁਲ ਕੇ ਰਹਿਣਾ ਚਾਹੁੰਦੇ ਹਨ, ਉਹਨਾਂ ਨੂੰ ਸਾਡੀ ਧਰਤੀ ਉੱਤੇ ਰਹਿਣ ਅਤੇ ਇਸ ਵਿੱਚ ਵਪਾਰ ਕਰਨ ਦਿਓ ਕਿਉ ਜੋ ਜ਼ਮੀਨ ਵਿੱਚ ਉਹਨਾਂ ਲਈ ਕਾਫ਼ੀ ਥਾਂ ਹੈ। ਅਸੀਂ ਉਹਨਾਂ ਦੀਆਂ ਧੀਆਂ ਨਾਲ ਵਿਆਹ ਕਰ ਸਕਦੇ ਹਾਂ ਅਤੇ ਉਹ ਸਾਡੀਆਂ ਧੀਆਂ ਨਾਲ ਵਿਆਹ ਕਰ ਸਕਦੇ ਹਨ। 22ਪਰ ਆਦਮੀ ਸਾਡੇ ਨਾਲ ਸਿਰਫ ਇਸ ਸ਼ਰਤ ਉੱਤੇ ਹੀ ਰਹਿਣ ਲਈ ਸਹਿਮਤ ਹੋਣਗੇ ਕਿ ਸਾਡੇ ਮਰਦਾਂ ਦੀ ਸੁੰਨਤ ਕੀਤੀ ਜਾਵੇ, ਜਿਵੇਂ ਉਹ ਖੁਦ ਹਨ। 23ਕੀ ਉਹਨਾਂ ਦੇ ਪਸ਼ੂ, ਉਹਨਾਂ ਦੀ ਜਾਇਦਾਦ ਅਤੇ ਉਹਨਾਂ ਦੇ ਹੋਰ ਸਾਰੇ ਜਾਨਵਰ ਸਾਡੇ ਨਹੀਂ ਹੋ ਜਾਣਗੇ? ਇਸ ਲਈ ਆਓ ਅਸੀਂ ਉਹਨਾਂ ਦੀਆਂ ਸ਼ਰਤਾਂ ਨੂੰ ਮੰਨ ਲਈਏ, ਅਤੇ ਉਹ ਸਾਡੇ ਵਿਚਕਾਰ ਵੱਸ ਜਾਣ।”
24ਸਾਰੇ ਮਨੁੱਖ ਜਿਹੜੇ ਸ਼ਹਿਰ ਦੇ ਦਰਵਾਜ਼ੇ ਤੋਂ ਬਾਹਰ ਗਏ ਸਨ, ਹਮੋਰ ਅਤੇ ਉਸ ਦੇ ਪੁੱਤਰ ਸ਼ਕਮ ਨਾਲ ਸਹਿਮਤ ਹੋਏ ਅਤੇ ਸ਼ਹਿਰ ਦੇ ਹਰੇਕ ਮਰਦ ਦੀ ਸੁੰਨਤ ਕੀਤੀ ਗਈ।
25ਤਿੰਨਾਂ ਦਿਨਾਂ ਬਾਅਦ, ਜਦੋਂ ਉਹ ਸਾਰੇ ਅਜੇ ਵੀ ਦੁਖੀ ਸਨ ਤਾਂ ਯਾਕੋਬ ਦੇ ਦੋ ਪੁੱਤਰ ਸ਼ਿਮਓਨ ਅਤੇ ਲੇਵੀ, ਜੋ ਦੀਨਾਹ ਦੇ ਭਰਾ ਸਨ, ਉਹਨਾਂ ਨੇ ਆਪਣੇ ਨਾਲ ਆਪਣੀਆਂ ਤਲਵਾਰਾਂ ਲੈ ਲਈਆਂ ਅਤੇ ਉਸ ਸ਼ਹਿਰ ਉੱਤੇ ਨਿਡਰ ਹੋ ਕੇ ਹਮਲਾ ਕੀਤਾ ਅਤੇ ਸਾਰੇ ਮਨੁੱਖਾਂ ਨੂੰ ਮਾਰ ਸੁੱਟਿਆ। 26ਉਹਨਾਂ ਨੇ ਹਮੋਰ ਅਤੇ ਉਹ ਦੇ ਪੁੱਤਰ ਸ਼ਕਮ ਨੂੰ ਤਲਵਾਰ ਨਾਲ ਵੱਢ ਦਿੱਤਾ ਅਤੇ ਦੀਨਾਹ ਨੂੰ ਸ਼ਕਮ ਦੇ ਘਰੋਂ ਲੈ ਕੇ ਚੱਲੇ ਗਏ। 27ਯਾਕੋਬ ਦੇ ਪੁੱਤਰਾਂ ਨੇ ਲਾਸ਼ਾਂ ਉੱਤੇ ਆ ਕੇ ਉਸ ਸ਼ਹਿਰ ਨੂੰ ਲੁੱਟ ਲਿਆ ਕਿਉਂ ਜੋ ਇੱਥੇ ਉਹਨਾਂ ਦੀ ਭੈਣ ਨੂੰ ਪਲੀਤ ਕੀਤਾ ਗਿਆ ਸੀ। 28ਉਹਨਾਂ ਨੇ ਭੇਡਾਂ-ਬੱਕਰੀਆਂ, ਗਾਈਆਂ-ਬਲ਼ਦਾਂ ਅਤੇ ਗਧਿਆਂ ਨੂੰ ਅਤੇ ਜੋ ਕੁਝ ਸ਼ਹਿਰ ਅਤੇ ਮੈਦਾਨ ਵਿੱਚ ਸੀ, ਸਭ ਕੁਝ ਲੈ ਲਿਆ। 29ਉਹਨਾਂ ਨੇ ਉਹਨਾਂ ਦੀ ਸਾਰੀ ਦੌਲਤ ਅਤੇ ਉਹਨਾਂ ਦੀਆਂ ਸਾਰੀਆਂ ਔਰਤਾਂ ਅਤੇ ਬਾਲਕਾਂ ਨੂੰ ਲੁੱਟ ਲਿਆ ਅਤੇ ਘਰਾਂ ਵਿੱਚ ਸਭ ਕੁਝ ਲੁੱਟ ਲਿਆ।
30ਤਦ ਯਾਕੋਬ ਨੇ ਸ਼ਿਮਓਨ ਅਤੇ ਲੇਵੀ ਨੂੰ ਆਖਿਆ, “ਤੁਸੀਂ ਇਸ ਦੇਸ਼ ਵਿੱਚ ਰਹਿਣ ਵਾਲੇ ਕਨਾਨੀਆਂ ਅਤੇ ਪਰਿੱਜ਼ੀਆਂ ਲਈ ਮੈਨੂੰ ਘਿਣਾਉਣੇ ਬਣਾ ਕੇ ਮੇਰੇ ਉੱਤੇ ਮੁਸੀਬਤ ਲਿਆਂਦੀ ਹੈ। ਅਸੀਂ ਗਿਣਤੀ ਵਿੱਚ ਥੋੜ੍ਹੇ ਹਾਂ, ਅਤੇ ਜੇਕਰ ਉਹ ਮੇਰੇ ਵਿਰੁੱਧ ਫ਼ੌਜਾਂ ਵਿੱਚ ਸ਼ਾਮਲ ਹੋ ਕੇ ਮੇਰੇ ਉੱਤੇ ਹਮਲਾ ਕਰਦੇ ਹਨ, ਤਾਂ ਮੈਂ ਅਤੇ ਮੇਰਾ ਪਰਿਵਾਰ ਤਬਾਹ ਹੋ ਜਾਵਾਂਗੇ।”
31ਪਰ ਉਹਨਾਂ ਨੇ ਉੱਤਰ ਦਿੱਤਾ, ਕੀ ਉਹ ਸਾਡੀ ਭੈਣ ਨਾਲ ਵੇਸਵਾ ਵਾਂਗ ਵਰਤਾਓ ਕਰਨ, ਕੀ ਉਹ ਸਹੀ ਸੀ?

Chwazi Kounye ya:

ਉਤਪਤ 34: PCB

Pati Souliye

Pataje

Kopye

None

Ou vle gen souliye ou yo sere sou tout aparèy ou yo? Enskri oswa konekte