ਮੱਤੀ ਦੀ ਇੰਜੀਲ 8
8
ਯਿਸੂ ਦਾ ਰੋਗੀ ਨੂੰ ਚੰਗਾ ਕਰਨਾ
(ਮਰਕੁਸ 1:40-45; ਲੂਕਾ 5:12-16)
1ਜਦੋਂ ਉਹ ਪਹਾੜੀ ਤੋਂ ਉੱਤਰਿਆ ਤਾਂ ਵੱਡੀ ਭੀੜ ਉਸ ਦੇ ਮਗਰ ਲੱਗ ਪਈ। 2ਇੱਕ ਕੋੜ੍ਹੀ ਨੇ ਯਿਸੂ ਕੋਲ ਆਕੇ ਉਸ ਅੱਗੇ ਮੱਥਾ ਟੇਕਿਆ ਅਤੇ ਕਿਹਾ, “ਪ੍ਰਭੂ ਜੀ ਜੇ ਤੁਸੀਂ ਚਾਹੋ ਤਾਂ ਮੈਨੂੰ ਠੀਕ ਕਰ ਸੱਕਦੇ ਹੋਂ।”
3ਯਿਸੂ ਨੇ ਆਪਣਾ ਹੱਥ ਫ਼ੈਲਾਇਆ ਅਤੇ ਉਸ ਆਦਮੀ ਨੂੰ ਛੋਹਿਆ ਅਤੇ ਆਖਿਆ, “ਮੈਂ ਤੈਨੂੰ ਠੀਕ ਕਰਨਾ ਚਾਹੁੰਦਾ ਹਾਂ।” ਅਤੇ ਉਸੇ ਵੇਲੇ ਕੋੜ੍ਹੀ ਦਾ ਕੋੜ੍ਹ ਜਾਂਦਾ ਰਿਹਾ। 4ਤਾਂ ਯਿਸੂ ਨੇ ਉਸ ਨੂੰ ਆਖਿਆ, “ਹੁਣੇ ਜੋ ਕੁਝ ਵਾਪਰਿਆ ਹੈ ਜਾਕੇ ਕਿਸੇ ਨੂੰ ਨਾ ਦੱਸੀਂ, ਪਰ ਜਾਕੇ ਆਪਣੇ ਜਾਜਕ ਨੂੰ ਵਿਖਾਈਂ ਅਤੇ ਮੂਸਾ ਦੀ ਸ਼ਰ੍ਹਾ ਦੇ ਹੁਕਮ ਅਨੁਸਾਰ ਜਾਕੇ ਭੇਟਾ ਚੜ੍ਹਾ ਲੋਕਾਂ ਲਈ ਇਹ ਇੱਕ ਸਾਖੀ ਹੋਵੇਗੀ।”#8:4 ਦੇਖੋ ਲੇਵੀਆਂ. 14:1-32
ਯਿਸੂ ਦਾ ਸੂਬੇਦਾਰ ਦੇ ਨੌਕਰ ਨੂੰ ਠੀਕ ਕਰਨਾ
(ਲੂਕਾ 7:1-10; ਯੂਹੰਨਾ 4:43-54)
5ਜਦੋਂ ਯਿਸੂ ਕਫ਼ਰਨਾਹੂਮ ਸ਼ਹਿਰ ਵਿੱਚ ਗਿਆ, ਤਾਂ ਸੂਬੇਦਾਰ ਉਸ ਕੋਲ ਇੱਕ ਬੇਨਤੀ ਲੈ ਕੇ ਆਇਆ, 6“ਪ੍ਰਭੂ ਜੀ ਮੇਰਾ ਨੌਕਰ ਅਧਰੰਗ ਤੇ ਦਰਦ ਦਾ ਮਾਰਿਆ ਘਰ ਵਿੱਚ ਮੰਜੇ ਤੇ ਬਿਮਾਰ ਪਿਆ ਹੈ।”
7ਫ਼ੇਰ ਉਸ ਨੇ ਸੂਬੇਦਾਰ ਨੂੰ ਆਖਿਆ, “ਮੈਂ ਆਣਕੇ ਉਸ ਨੂੰ ਚੰਗਾ ਕਰ ਦਿਆਂਗਾ।”
8ਪਰ ਸੂਬੇਦਾਰ ਨੇ ਉੱਤਰ ਦਿੱਤਾ, “ਪ੍ਰਭੂ ਜੀ ਮੈਂ ਇਸ ਯੋਗ ਨਹੀਂ ਕਿ ਤੁਸੀਂ ਮੇਰੀ ਛੱਤ ਹੇਠ ਆਵੋ, ਜੇਕਰ ਤੁਸੀਂ ਸਿਰਫ਼ ਬਚਨ ਵੀ ਕਰ ਦੇਵੋ ਤਾਂ ਮੇਰਾ ਨੌਕਰ ਚੰਗਾ ਹੋ ਜਾਵੇਗਾ। 9ਕਿਉਂਕਿ ਮੈਂ ਵੀ ਦੂਜਿਆਂ ਦੇ ਅਧਿਕਾਰ ਹੇਠਾਂ ਇੱਕ ਮਨੁੱਖ ਹਾਂ ਅਤੇ ਸਿਪਾਹੀਆਂ ਨੂੰ ਆਪਣੇ ਅਧਿਕਾਰ ਵਿੱਚ ਰੱਖਦਾ ਹਾਂ ਅਤੇ ਜੇ ਕਿਸੇ ਨੂੰ ਆਖਦਾ ਹਾਂ, ‘ਜਾ!’ ਤਾਂ ਉਹ ਜਾਂਦਾ ਹੈ ਅਤੇ ਜਦ ਦੂਜੇ ਨੂੰ ਕਹਾਂ, ‘ਆ!’ ਤਾਂ ਉਹ ਆਉਂਦਾ ਹੈ, ਅਤੇ ਜਦ ਅਪਣੇ ਨੌਕਰ ਨੂੰ ਕਹਿੰਦਾ ਹਾਂ ਇੰਝ ਕਰ ਤਾਂ ਉਹ ਉਵੇਂ ਕਰਦਾ ਹੈ।”
10ਯਿਸੂ ਨੇ ਇਹ ਸੁਣਕੇ ਅਚਰਜ ਮੰਨਿਆ ਅਤੇ ਉਨ੍ਹਾਂ ਨੂੰ ਜਿਹੜੇ ਮਗਰ-ਮਗਰ ਆਉਂਦੇ ਸਨ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਸ ਆਦਮੀ ਵਿੱਚ ਇਸਰਾਏਲ ਦੇ ਕਿਸੇ ਵੀ ਆਦਮੀ ਨਾਲੋਂ ਵੱਧ ਵਿਸ਼ਵਾਸ ਹੈ। 11ਮੈਂ ਤੁਹਾਨੂੰ ਆਖਦਾ ਹਾਂ ਕਿ ਬਹੁਤ ਸਾਰੇ ਲੋਕ ਪੂਰਬ ਅਤੇ ਪੱਛਮ ਵਿੱਚੋਂ ਆਉਣਗੇ। ਉਹ ਸਵਰਗ ਦੇ ਰਾਜ ਵਿੱਚ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਬੈਠਕੇ ਖਾਣਗੇ। 12ਪਰ ਉਹ ਲੋਕ ਜਿਨ੍ਹਾਂ ਕੋਲ ਰਾਜ ਹੋਣਾ ਚਾਹੀਦਾ ਹੈ ਬਾਹਰ ਸੁੱਟੇ ਜਾਣਗੇ। ਉਹ ਬਾਹਰ ਹਨੇਰੇ ਵਿੱਚ ਸੁੱਟੇ ਜਾਣਗੇ, ਲੋਕ ਉਸ ਜਗ੍ਹਾ ਚੀਕਣਗੇ ਅਤੇ ਦਰਦ ਨਾਲ ਆਪਣੇ ਦੰਦ ਪੀਸਣਗੇ।”
13ਤਦ ਯਿਸੂ ਨੇ ਸੂਬੇਦਾਰ ਨੂੰ ਆਖਿਆ, “ਤੂੰ ਘਰ ਜਾ, ਜਿਵੇਂ ਤੂੰ ਵਿਸ਼ਵਾਸ ਕੀਤੀ ਹੈ ਉਹ ਉਵੇਂ ਹੀ ਚੰਗਾ ਕੀਤਾ ਜਾਵੇਗਾ।” ਅਤੇ ਉਸਦਾ ਨੌਕਰ ਉਸੇ ਘੜੀ ਚੰਗਾ ਹੋ ਗਿਆ।
ਯਿਸੂ ਦਾ ਬਹੁਤ ਸਾਰੇ ਲੋਕਾਂ ਨੂੰ ਚੰਗਾ ਕਰਨਾ
(ਮਰਕੁਸ 1:29-34; ਲੂਕਾ 4:38-41)
14ਯਿਸੂ ਨੇ ਪਤਰਸ ਦੇ ਘਰ ਆਕੇ ਉਸਦੀ ਸੱਸ ਨੂੰ ਤਾਪ ਨਾਲ ਪਈ ਵੇਖਿਆ। 15ਤਾਂ ਯਿਸੂ ਨੇ ਉਸਦਾ ਹੱਥ ਛੋਹਿਆ ਅਤੇ ਉਸਦਾ ਤਾਪ ਲਹਿ ਗਿਆ, ਫ਼ੇਰ ਉਸ ਨੇ ਉੱਠ ਕੇ ਉਸਦੀ ਖਾਤਿਰ ਕੀਤੀ।
16ਜਦੋਂ ਸ਼ਾਮ ਹੋਈ ਤਾਂ ਉਸ ਕੋਲ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਲਿਆਇਆ ਗਿਆ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਅਤੇ ਯਿਸੂ ਨੇ ਆਪਣੇ ਬਚਨਾਂ ਨਾਲ ਭੂਤਾਂ ਨੂੰ ਕੱਢ ਦਿੱਤਾ ਅਤੇ ਯਿਸੂ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਚੰਗਿਆਂ ਕਰ ਦਿੱਤਾ ਜੋ ਬਿਮਾਰ ਸਨ। 17ਉਸ ਨੇ ਇਹ ਨਬੀ ਯਸਾਯਾਹ ਦੇ ਬਚਨਾਂ ਨੂੰ ਪੂਰਾ ਕਰਨ ਲਈ ਕੀਤਾ:
“ਉਸਨੇ ਖੁਦ ਸਾਡੀਆਂ ਬਿਮਾਰੀਆਂ ਲੈ ਲਈਆਂ
ਅਤੇ ਰੋਗਾਂ ਨੂੰ ਚੁੱਕ ਲਿਆ।”#ਯਸਾਯਾਹ 53:4
ਯਿਸੂ ਦਾ ਅਨੁਸਰਣ
(ਲੂਕਾ 9:57-62)
18ਜਦੋਂ ਯਿਸੂ ਨੇ ਆਪਣੇ ਆਲੇ-ਦੁਆਲੇ ਭੀੜ ਵੇਖੀ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਝੀਲ ਦੇ ਪਰਲੇ ਪਾਰ ਜਾਣ ਲਈ ਕਿਹਾ। 19ਫ਼ੇਰ ਇੱਕ ਨੇਮ ਦੇ ਉਪਦੇਸ਼ਕ ਨੇ ਯਿਸੂ ਨੂੰ ਕੋਲ ਆਕੇ ਕਿਹਾ, “ਗੁਰੂ ਜੀ ਜਿੱਥੇ ਕਿਤੇ ਵੀ ਤੂੰ ਜਾਵੇਂ ਮੈਂ ਤੇਰੇ ਪਿੱਛੇ ਚੱਲਾਂਗਾ।”
20ਤਾਂ ਯਿਸੂ ਨੇ ਉਸ ਨੂੰ ਆਖਿਆ, “ਲੂੰਬੜੀਆਂ ਦੇ ਘੁਰਨੇ ਹਨ ਅਤੇ ਪੰਛੀਆਂ ਲਈ ਆਲ੍ਹਣੇ ਹਨ ਪਰ ਮਨੁੱਖ ਦੇ ਪੁੱਤਰ ਨੂੰ ਸਿਰ ਰੱਖ ਕੇ ਆਰਾਮ ਕਰਨ ਲਈ ਕੋਈ ਥਾਂ ਨਹੀਂ ਹੈ।”
21ਉਸ ਦੇ ਇੱਕ ਦੂਜੇ ਚੇਲੇ ਨੇ ਉਸ ਨੂੰ ਆਖਿਆ, “ਪ੍ਰਭੂ, ਮੈਨੂੰ ਪਰਵਾਨਗੀ ਦਿਓ ਕਿ ਮੈਂ ਪਹਿਲਾਂ ਜਾਕੇ ਆਪਣੇ ਪਿਉ ਨੂੰ ਦਫ਼ਨਾਵਾਂ ਫੇਰ ਮੈਂ ਤੁਹਾਡਾ ਅਨੁਸਰਣ ਕਰਾਂਗਾ।”
22ਪਰ ਯਿਸੂ ਨੇ ਉਸ ਨੂੰ ਕਿਹਾ, “ਤੂੰ ਮੇਰੇ ਮਗਰ ਚੱਲਿਆ ਆ ਅਤੇ ਮੁਰਦਿਆਂ ਨੂੰ ਆਪਣੇ ਮੁਰਦੇ ਖੁਦ ਦੱਬਣ ਦੇ।”
ਯਿਸੂ ਦਾ ਤੂਫਾਨ ਨੂੰ ਰੋਕਣਾ
(ਮਰਕੁਸ 4:35-41; ਲੂਕਾ 8:22-25)
23ਜਦੋਂ ਯਿਸੂ ਬੇੜੀ ਉੱਤੇ ਚੜ੍ਹ੍ਹਿਆ ਤਾਂ ਉਸ ਦੇ ਚੇਲੇ ਉਸ ਦੇ ਮਗਰ ਆਏ। 24ਝੀਲ ਵਿੱਚ ਇੰਨਾ ਤੂਫਾਨ ਆਇਆ ਕਿ ਬੇੜੀ ਲਹਿਰਾਂ ਵਿੱਚ ਹੀ ਲੁੱਕਦੀ ਜਾ ਰਹੀ ਸੀ। ਪਰ ਯਿਸੂ ਸੌਂ ਰਿਹਾ ਸੀ। 25ਚੇਲੇ ਉਸ ਕੋਲ ਆਏ ਅਤੇ ਉਸ ਨੂੰ ਜਗਾਇਆ। ਉਨ੍ਹਾਂ ਨੇ ਯਿਸੂ ਨੂੰ ਆਖਿਆ, “ਪ੍ਰਭੂ ਸਾਨੂੰ ਬਚਾਓ, ਅਸੀਂ ਡੁੱਬ ਰਹੇ ਹਾਂ।”
26ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਇੰਨਾ ਕਿਉਂ ਡਰਦੇ ਹੋ? ਤੁਹਾਨੂੰ ਪੂਰਾ ਵਿਸ਼ਵਾਸ ਨਹੀਂ ਹੈ।” ਤਦ ਉਸ ਨੇ ਉੱਠ ਕੇ ਹਵਾ ਅਤੇ ਲਹਿਰਾਂ ਨੂੰ ਦਬਕਾ ਮਾਰਿਆ। ਫਿਰ ਇੱਕਦਮ ਚੈਨ ਹੋ ਗਿਆ।
27ਤਾਂ ਉਹ ਮਨੁੱਖ ਹੈਰਾਨ ਹੋਕੇ ਬੋਲੇ, “ਇਹ ਕਿਹੋ ਜਿਹਾ ਪੁਰੱਖ ਹੈ ਕਿ ਹਵਾ ਅਤੇ ਲਹਿਰਾਂ ਵੀ ਇਸਦੀ ਗੱਲ ਮੰਨ ਲੈਦੀਆਂ ਹਨ!”
ਯਿਸੂ ਨੇ ਦੋ ਮਨੁੱਖਾਂ ਵਿੱਚੋਂ ਭੂਤ ਕੱਢੇ
(ਮਰਕੁਸ 5:1-20; ਲੂਕਾ 8:26-39)
28ਜਦੋਂ ਯਿਸੂ ਝੀਲ ਦੇ ਪਾਰ ਗਦਰੀਨੀਆਂ ਦੇ ਦੇਸ਼ ਵਿੱਚ ਪਹੁੰਚਿਆ, ਤਾਂ ਦੋ ਮਨੁੱਖ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ, ਕਬਰਾਂ ਵਿੱਚੋਂ ਨਿਕਲ ਕੇ ਯਿਸੂ ਕੋਲ ਆਏ ਅਤੇ ਉਹ ਇੰਨੇ ਖਤਰਨਾਕ ਸਨ ਕਿ ਉਸ ਰਸਤੇ ਤੋਂ ਕੋਈ ਲੰਘ ਨਹੀਂ ਸੀ ਸੱਕਦਾ। 29ਉਨ੍ਹਾਂ ਦੋ ਮਨੁੱਖਾਂ ਨੇ ਉਸ ਨੂੰ ਪੁਕਾਰ ਕੇ ਆਖਿਆ, “ਹੇ ਪਰਮੇਸ਼ੁਰ ਦੇ ਪੁੱਤਰ! ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਮਿਥੇ ਹੋਏ ਵੇਲੇ ਤੋਂ ਪਹਿਲਾਂ ਇੱਥੇ ਸਾਨੂੰ ਦੁੱਖ ਦੇਣ ਆਇਆ ਹੈ?”
30ਉਨ੍ਹਾਂ ਤੋਂ ਕੁਝ ਦੂਰ, ਉੱਥੇ ਸੂਰਾਂ ਦਾ ਬਹੁਤ ਵੱਡਾ ਇੱਜ਼ੜ ਚਰ ਰਿਹਾ ਸੀ। 31ਭੂਤਾਂ ਨੇ ਉਸਦੀਆਂ ਮਿੰਨਤਾਂ ਕਰਕੇ ਆਖਿਆ, “ਜੇਕਰ ਤੂੰ ਸਾਨੂੰ ਕੱਢਣਾ ਹੈ ਤਾਂ ਸਾਨੂੰ ਸੂਰਾਂ ਦੇ ਇੱਜੜ ਵਿੱਚ ਘਲ ਦੇ।”
32ਉਸ ਨੇ ਉਨ੍ਹਾਂ ਨੂੰ ਕਿਹਾ, “ਜਾਓ” ਤਾਂ ਭੂਤ ਨਿਕਲ ਕੇ ਸੂਰਾਂ ਵਿੱਚ ਜਾ ਵੜੇ, ਉਹ ਸੂਰਾਂ ਦਾ ਇੱਜ਼ੜ ਪਹਾੜੀ ਦੀ ਢਲਾਣ ਤੋਂ ਭੱਜਿਆ ਅਤੇ ਝੀਲ ਵਿੱਚ ਡਿੱਗ ਪਿਆ ਅਤੇ ਡੁੱਬ ਗਿਆ। 33ਤਦ ਸੂਰਾਂ ਦੇ ਇਜ਼ੜ ਦੇ ਰੱਖਵਾਲੇ ਸ਼ਹਿਰ ਅੰਦਰ ਨੂੰ ਭੱਜੇ। ਉਨ੍ਹਾਂ ਨੇ ਸੂਰਾਂ ਅਤੇ ਭੂਤਾਂ ਦੇ ਕਾਬਿਜ਼ ਲੋਕਾਂ ਨਾਲ ਵਾਪਰਨ ਵਾਲੀ ਘਟਨਾ ਦਾ ਵਰਨਣ ਕਰ ਦਿੱਤਾ। 34ਤਦ ਸਾਰਾ ਨਗਰ ਯਿਸੂ ਨੂੰ ਮਿਲਣ ਲਈ ਆਇਆ ਅਤੇ ਉਸ ਨੂੰ ਉਨ੍ਹਾਂ ਦਾ ਇਲਾਕਾ ਛੱਡਣ ਲਈ ਬੇਨਤੀ ਕੀਤੀ।
נבחרו כעת:
ਮੱਤੀ ਦੀ ਇੰਜੀਲ 8: PERV
הדגשה
העתק
השווה
שתפו
רוצים לשמור את ההדגשות שלכם בכל המכשירים שלכם? הירשמו או היכנסו
Punjabi Holy Bible: Easy-to-Read Version
All rights reserved.
© 2002 Bible League International