Logo YouVersion
Ikona vyhledávání

ਰਸੂਲਾਂ 18

18
ਕੁਰਿੰਥੁਸ ਵਿੱਚ ਪੌਲੁਸ ਦਾ ਜਾਣਾ
1ਇਸ ਤੋਂ ਬਾਅਦ, ਪੌਲੁਸ ਅਥੇਨੈ ਸ਼ਹਿਰ ਛੱਡ ਗਿਆ ਅਤੇ ਕੁਰਿੰਥੁਸ ਸ਼ਹਿਰ ਚਲਾ ਗਿਆ। 2ਉੱਥੇ ਉਸ ਦੀ ਮੁਲਾਕਾਤ ਇੱਕ ਯਹੂਦੀ ਨਾਲ ਹੋਈ ਜਿਸ ਦਾ ਨਾਮ ਅਕੂਲਾ ਸੀ, ਜੋ ਪੁੰਤੁਸ ਪ੍ਰਾਂਤ ਦਾ ਵਸਨੀਕ ਸੀ, ਅਕੂਲਾ ਅਤੇ ਉਸ ਦੀ ਪਤਨੀ ਪਰਿਸਕਾ ਥੋੜਾ ਸਮਾਂ ਪਹਿਲਾਂ ਹੀ ਇਟਲੀ ਦੇਸ਼ ਦੇ ਰੋਮ ਤੋਂ ਵਾਪਸ ਆਏ ਸਨ, ਕਿਉਂਕਿ ਰੋਮੀ ਬਾਦਸ਼ਾਹ ਕਲੌਦਿਯੁਸ ਨੇ ਆਦੇਸ਼ ਦਿੱਤਾ ਸੀ ਕਿ ਸਾਰੇ ਯਹੂਦੀ ਰੋਮ ਸ਼ਹਿਰ ਤੋਂ ਨਿੱਕਲ ਜਾਣ। ਪੌਲੁਸ ਬਾਅਦ ਵਿੱਚ ਉਹਨਾਂ ਨੂੰ ਮਿਲਣ ਗਿਆ, 3ਅਤੇ ਕਿਉਂਕਿ ਉਹ ਤੰਬੂ ਬਣਾਉਣ ਵਾਲਾ ਸੀ ਜਿਵੇਂ ਕਿ ਉਹ ਵੀ ਤੰਬੂ ਬਣਾਉਣ ਦਾ ਕੰਮ ਕਰਦੇ ਸਨ, ਉਹ ਉਨ੍ਹਾਂ ਨਾਲ ਰਿਹਾ ਅਤੇ ਮਿਲ ਕੇ ਉਨ੍ਹਾਂ ਨਾਲ ਕੰਮ ਕਰਦਾ ਰਿਹਾ। 4ਉਹ ਹਰ ਸਬਤ ਦੇ ਦਿਨ ਪ੍ਰਾਰਥਨਾ ਸਥਾਨ#18:4 ਪ੍ਰਾਰਥਨਾ ਸਥਾਨ ਯਹੂਦੀ ਪ੍ਰਾਰਥਨਾ ਸਥਾਨ ਵਿੱਚ ਵਾਦ-ਵਿਵਾਦ ਕਰਦਾ, ਯਹੂਦੀਆਂ ਅਤੇ ਯੂਨਾਨੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ।
5ਪਰ ਜਦੋਂ ਸੀਲਾਸ ਅਤੇ ਤਿਮੋਥਿਉਸ ਮਕਦੂਨਿਯਾ ਤੋਂ ਕੁਰਿੰਥੁਸ ਸ਼ਹਿਰ ਵਿੱਚ ਆਏ ਸਨ, ਤਦ ਪੌਲੁਸ ਬਚਨ ਸੁਣਾਉਣ ਵਿੱਚ ਰੁੱਝ ਕੇ, ਯਹੂਦੀਆਂ ਦੇ ਅੱਗੇ ਗਵਾਹੀ ਦੇ ਰਿਹਾ ਸੀ ਕਿ ਯਿਸ਼ੂ ਹੀ ਮਸੀਹ ਹੈ। 6ਜਦੋਂ ਯਹੂਦੀ ਪੌਲੁਸ ਦਾ ਵਿਰੋਧ ਕਰਨ ਅਤੇ ਵਾਦ-ਵਿਵਾਦ ਕਰਨ ਲੱਗੇ, ਤਾਂ ਵਿਰੋਧ ਵਿੱਚ ਉਸ ਨੇ ਆਪਣੇ ਕੱਪੜੇ ਝਾੜੇ ਅਤੇ ਉਨ੍ਹਾਂ ਨੂੰ ਆਖਿਆ, “ਕਿ ਤੁਹਾਡਾ ਖੂਨ ਤੁਹਾਡੇ ਸਿਰ ਹੋਵੇ! ਮੈਂ ਨਿਰਦੋਸ਼ ਹਾਂ। ਇਸ ਤੋਂ ਬਾਅਦ ਮੈਂ ਪਰਾਈਆਂ ਕੌਮਾਂ ਵੱਲ ਜਾਂਵਾਂਗਾ।”
7ਤਦ ਪੌਲੁਸ ਪ੍ਰਾਰਥਨਾ ਸਥਾਨ ਤੋਂ ਵਿਦਾ ਹੋ ਗਿਆ ਅਤੇ ਤੀਤੁਸ ਯੂਸਤੁਸ ਦੇ ਅਗਲੇ ਘਰ ਵਿੱਚ ਚਲਾ ਗਿਆ, ਜੋ ਪਰਮੇਸ਼ਵਰ ਦਾ ਭਗਤ ਸੀ। 8ਕ੍ਰਿਸਪਸ, ਪ੍ਰਾਰਥਨਾ ਸਥਾਨ ਦਾ ਆਗੂ, ਅਤੇ ਉਸ ਦੇ ਸਾਰੇ ਪਰਿਵਾਰ ਨੇ ਪ੍ਰਭੂ ਉੱਤੇ ਵਿਸ਼ਵਾਸ ਕੀਤਾ; ਪੌਲੁਸ ਨੂੰ ਜਿਹਨਾਂ ਬਹੁਤ ਸਾਰੇ ਕੁਰਿੰਥੁਸ ਦੇ ਲੋਕਾਂ ਨੇ ਸੁਣਿਆ ਅਤੇ ਉਨ੍ਹਾਂ ਨੇ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲਿਆ।
9ਇੱਕ ਰਾਤ ਪ੍ਰਭੂ ਨੇ ਪੌਲੁਸ ਨਾਲ ਦਰਸ਼ਣ ਵਿੱਚ ਗੱਲ ਕੀਤੀ: “ਨਾ ਡਰ ਸਗੋਂ ਬੋਲੀ ਜਾ ਅਤੇ ਚੁੱਪ ਨਾ ਰਹਿ। 10ਇਸ ਲਈ ਜੋ ਮੈਂ ਤੇਰੇ ਨਾਲ ਹਾਂ, ਅਤੇ ਕੋਈ ਤੈਨੂੰ ਦੁੱਖ ਦੇਣ ਲਈ ਤੇਰੇ ਉੱਤੇ ਹਮਲਾ ਨਾ ਕਰੇਗਾ, ਕਿਉਂ ਜੋ ਇਸ ਸ਼ਹਿਰ ਵਿੱਚ ਮੇਰੇ ਬਹੁਤ ਸਾਰੇ ਲੋਕ ਹਨ।” 11ਇਸ ਲਈ ਪੌਲੁਸ ਡੇਢ ਸਾਲ ਕੁਰਿੰਥੁਸ ਵਿੱਚ ਰਿਹਾ, ਅਤੇ ਉਨ੍ਹਾਂ ਨੂੰ ਪਰਮੇਸ਼ਵਰ ਦਾ ਬਚਨ ਸਿਖਾਉਂਦਾ ਰਿਹਾ।
12ਜਦੋਂ ਗੈਲੀਓ ਅਖਾਯਾ ਪ੍ਰਾਂਤ ਦਾ ਰੋਮੀ ਹਾਕਮ ਸੀ, ਤਾਂ ਕੁਰਿੰਥੁਸ ਦੇ ਯਹੂਦੀਆਂ ਨੇ ਪੌਲੁਸ ਉੱਤੇ ਇਕਮੁੱਠ ਹਮਲਾ ਬੋਲਿਆ ਅਤੇ ਉਸ ਨੂੰ ਅਦਾਲਤ ਵਿੱਚ ਲੈ ਗਏ। 13ਉਨ੍ਹਾਂ ਨੇ ਦੋਸ਼ ਲਾਇਆ, “ਇਹ ਆਦਮੀ ਬਿਵਸਥਾ ਦੇ ਉਲਟ ਲੋਕਾਂ ਨੂੰ ਪਰਮੇਸ਼ਵਰ ਦੀ ਪੂਜਾ ਕਰਨ ਲਈ ਉਕਸਾ ਰਿਹਾ ਹੈ।”
14ਜਿਵੇਂ ਪੌਲੁਸ ਬੋਲਣ ਜਾ ਰਿਹਾ ਸੀ, ਗੈਲੀਓ ਨੇ ਯਹੂਦੀਆਂ ਨੂੰ ਕਿਹਾ, “ਜੇ ਤੁਸੀਂ ਯਹੂਦੀ ਕਿਸੇ ਗ਼ਲਤ ਕੰਮ ਜਾਂ ਗੰਭੀਰ ਅਪਰਾਧ ਬਾਰੇ ਸ਼ਿਕਾਇਤ ਕਰ ਰਹੇ ਹੁੰਦੇ, ਤਾਂ ਇਹ ਤੁਹਾਡੀ ਗੱਲ ਸੁਣਨਾ ਮੇਰੇ ਲਈ ਉਚਿਤ ਹੁੰਦਾ। 15ਪਰ ਤੁਸੀਂ ਸਿਰਫ ਸ਼ਬਦਾਂ ਅਤੇ ਨਾਮਾਂ ਅਤੇ ਆਪਣੇ ਖੁਦ ਦੇ ਯਹੂਦੀ ਕਾਨੂੰਨਾਂ ਬਾਰੇ ਬਹਿਸ ਕਰ ਰਹੇ ਹੋ ਇਸ ਲਈ ਤੁਹਾਨੂੰ ਖੁਦ ਇਸ ਨੂੰ ਹੱਲ ਕਰਨ ਦੀ ਜ਼ਰੂਰਤ ਹੈ। ਮੈਂ ਇਨ੍ਹਾਂ ਗੱਲਾਂ ਦਾ ਨਿਆਂ ਕਰਨ ਤੋਂ ਇਨਕਾਰ ਕਰਦਾ ਹਾਂ।” 16ਇਸ ਲਈ ਉਸ ਨੇ ਉਨ੍ਹਾਂ ਨੂੰ ਅਦਾਲਤੋਂ ਬਾਹਰ ਭਜਾ ਦਿੱਤਾ। 17ਫਿਰ ਭੀੜ ਨੇ ਪ੍ਰਾਰਥਨਾ ਸਥਾਨ ਦੇ ਆਗੂ ਸੋਸਥਨੇਸ ਨੂੰ ਫੜ ਲਿਆ ਅਤੇ ਉਨ੍ਹਾਂ ਨੇ ਉਸ ਨੂੰ ਅਦਾਲਤ ਦੇ ਵਿਹੜੇ ਸਾਮ੍ਹਣੇ ਕੁੱਟਿਆ; ਪਰ ਗੈਲੀਓ ਨੇ ਇਸ ਬਾਰੇ ਕੁਝ ਨਹੀਂ ਕੀਤਾ।
ਪਰਿਸਕਾ, ਅਕੂਲਾ ਅਤੇ ਅਪੁੱਲੋਸ
18ਪੌਲੁਸ ਬਹੁਤ ਦਿਨਾਂ ਲਈ ਕੁਰਿੰਥੁਸ ਵਿੱਚ ਰਿਹਾ। ਫਿਰ ਉਹ ਭਰਾਵਾਂ ਅਤੇ ਭੈਣਾਂ ਨੂੰ ਛੱਡ ਕੇ ਪਰਿਸਕਾ ਅਤੇ ਅਕੂਲਾ ਦੇ ਨਾਲ ਸੀਰੀਆ ਪ੍ਰਾਂਤ ਲਈ ਰਵਾਨਾ ਹੋਇਆ। ਯਾਤਰਾ ਕਰਨ ਤੋਂ ਪਹਿਲਾਂ, ਉਸ ਨੇ ਕੰਖਰਿਯਾ ਸ਼ਹਿਰ ਵਿਖੇ ਆਪਣੇ ਵਾਲ ਕਟਵਾਏ ਸਨ ਕਿਉਂਕਿ ਉਸ ਨੇ ਇੱਕ ਸੁੱਖਣਾ ਸੁੱਖੀ ਸੀ। 19ਉਹ ਅਫ਼ਸੀਆਂ ਸ਼ਹਿਰ ਪਹੁੰਚੇ, ਜਿੱਥੇ ਪੌਲੁਸ ਨੇ ਪਰਿਸਕਾ ਅਤੇ ਅਕੂਲਾ ਨੂੰ ਛੱਡ ਦਿੱਤਾ। ਉਹ ਖੁਦ ਪ੍ਰਾਰਥਨਾ ਸਥਾਨ ਵਿੱਚ ਗਿਆ ਅਤੇ ਉਸ ਨੇ ਉੱਥੇ ਯਹੂਦੀਆਂ ਨਾਲ ਬਹਿਸ ਕੀਤੀ। 20ਜਦੋਂ ਉਨ੍ਹਾਂ ਨੇ ਪੌਲੁਸ ਨੂੰ ਉਨ੍ਹਾਂ ਨਾਲ ਕੁਝ ਦਿਨ ਬਿਤਾਉਣ ਲਈ ਕਿਹਾ, ਤਾਂ ਉਸ ਨੇ ਇਨਕਾਰ ਕਰ ਦਿੱਤਾ। 21ਪਰ ਜਦੋਂ ਉਹ ਉਨ੍ਹਾਂ ਕੋਲੋ ਚਲਾ ਜਾਣ ਲੱਗਾ ਸੀ, ਤਾਂ ਉਸ ਨੇ ਵਾਅਦਾ ਕੀਤਾ, “ਭਾਈ ਜੇ ਪਰਮੇਸ਼ਵਰ ਦੀ ਮਰਜ਼ੀ ਹੋਈ ਤਾਂ ਮੈਂ ਤੁਹਾਡੇ ਕੋਲ ਫਿਰ ਵਾਪਸ ਆਵਾਂਗਾ।” ਅਤੇ ਫਿਰ ਉਹ ਜਹਾਜ਼ ਤੇ ਚੜ੍ਹ ਕੇ ਅਫ਼ਸੀਆਂ ਤੋਂ ਚੱਲਿਆ ਗਿਆ। 22ਜਦੋਂ ਉਹ ਕੈਸਰਿਆ ਵਿਖੇ ਪਹੁੰਚਿਆ, ਉਹ ਯੇਰੂਸ਼ਲੇਮ ਗਿਆ ਅਤੇ ਕਲੀਸਿਆ ਨੂੰ ਨਮਸਕਾਰ ਕੀਤਾ ਅਤੇ ਫਿਰ ਅੰਤਾਕਿਆ ਨੂੰ ਚਲਾ ਗਿਆ।
23ਅੰਤਾਕਿਆ ਵਿੱਚ ਕੁਝ ਦਿਨ ਬਿਤਾਉਣ ਤੋਂ ਬਾਅਦ, ਪੌਲੁਸ ਉਸ ਥਾਂ ਤੋਂ ਚਲਿਆ ਗਿਆ ਅਤੇ ਗਲਾਤਿਆ ਅਤੇ ਫ਼ਰੂਗਿਯਾ ਦੇ ਖੇਤਰ ਵਿੱਚ ਥਾਂ-ਥਾਂ ਯਾਤਰਾ ਕੀਤੀ, ਅਤੇ ਸਾਰੇ ਚੇਲਿਆਂ ਨੂੰ ਤਕੜਾ ਕੀਤਾ।
24ਇਸੇ ਦੌਰਾਨ ਅਪੁੱਲੋਸ ਨਾਂ ਦਾ ਇੱਕ ਯਹੂਦੀ, ਜੋ ਸਿਕੰਦਰਿਯਾ ਸ਼ਹਿਰ ਦਾ ਵਸਨੀਕ ਸੀ, ਅਫ਼ਸੀਆਂ ਆਇਆ। ਉਹ ਇੱਕ ਵਿਦਵਾਨ ਆਦਮੀ ਸੀ, ਅਤੇ ਪਵਿੱਤਰ ਸ਼ਾਸਤਰਾਂ ਦਾ ਮਾਹਿਰ ਸੀ। 25ਇਸ ਨੇ ਪ੍ਰਭੂ ਦੇ ਰਾਹ ਦੀ ਸਿੱਖਿਆ ਪਾਈ ਸੀ, ਅਤੇ ਆਤਮਿਕ ਉਤਸ਼ਾਹ ਨਾਲ ਯਿਸ਼ੂ ਦੀਆਂ ਗੱਲਾਂ ਪੂਰੀ ਰੀਝ ਨਾਲ ਸੁਣਾਉਂਦਾ ਅਤੇ ਸਿਖਾਉਂਦਾ ਸੀ, ਹਾਲਾਂਕਿ ਉਹ ਸਿਰਫ ਯੋਹਨ ਦੇ ਬਪਤਿਸਮੇ ਬਾਰੇ ਹੀ ਜਾਣਦਾ ਸੀ। 26ਉਹ ਪ੍ਰਾਰਥਨਾ ਸਥਾਨ ਵਿੱਚ ਬੇਧੜਕ ਬੋਲਣ ਲੱਗਾ। ਪਰ ਜਦੋਂ ਪਰਿਸਕਾ ਅਤੇ ਅਕੂਲਾ ਨੇ ਉਹ ਨੂੰ ਸੁਣਿਆ, ਤਾਂ ਉਸ ਨੂੰ ਆਪਣੇ ਘਰ ਲਿਆਦਾਂ ਅਤੇ ਉਸ ਨੂੰ ਪਰਮੇਸ਼ਵਰ ਦਾ ਰਾਹ ਹੋਰ ਵੀ ਠੀਕ ਤਰ੍ਹਾਂ ਨਾਲ ਦੱਸਿਆ।
27ਜਦੋਂ ਅਪੁੱਲੋਸ ਅਖਾਯਾ ਪ੍ਰਾਂਤ ਜਾਣਾ ਚਾਹੁੰਦਾ ਸੀ, ਤਾਂ ਵਿਸ਼ਵਾਸੀਆ ਨੇ ਉਸ ਨੂੰ ਉਤਸ਼ਾਹਿਤ ਕੀਤਾ ਅਤੇ ਉੱਥੇ ਦੇ ਚੇਲਿਆਂ ਨੇ ਉਸ ਦਾ ਸਵਾਗਤ ਕਰਨ ਲਈ ਪੱਤਰ ਲਿਖਿਆ। ਜਦੋਂ ਉਹ ਪਹੁੰਚੇ, ਉਹ ਉਨ੍ਹਾਂ ਲਈ ਵੱਡੀ ਸਹਾਇਤਾ ਹੋਈ ਜਿਨ੍ਹਾਂ ਨੇ ਕਿਰਪਾ ਦੁਆਰਾ ਵਿਸ਼ਵਾਸ ਕੀਤਾ ਸੀ। 28ਅਪੁੱਲੋਸ ਜ਼ਬਰਦਸਤੀ ਯਹੂਦੀ ਆਗੂਆਂ ਦੇ ਨਾਲ ਜਨਤਕ ਤੌਰ ਤੇ ਬਹਿਸ ਕਰ ਰਿਹਾ ਸੀ, ਪਵਿੱਤਰ ਸ਼ਾਸਤਰਾਂ ਦਾ ਹਵਾਲਾ ਦੇ ਕੇ ਉਸ ਨੇ ਲੋਕਾਂ ਨੂੰ ਸਾਬਤ ਕੀਤਾ ਕਿ ਯਿਸ਼ੂ ਮਸੀਹਾ ਸੀ।

Zvýraznění

Sdílet

Kopírovat

None

Chceš mít své zvýrazněné verše uložené na všech zařízeních? Zaregistruj se nebo se přihlas