Logo YouVersion
Ikona vyhledávání

ਰੋਮੀਆਂ 5

5
ਵਿਸ਼ਵਾਸ ਦੀ ਜਿੱਤ
1ਇਸ ਲਈ ਜਦੋਂ ਅਸੀਂ ਵਿਸ਼ਵਾਸ ਤੋਂ ਧਰਮੀ ਠਹਿਰਾਏ ਗਏ ਤਾਂ ਸਾਡਾ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਨਾਲ ਮੇਲ ਹੈ। 2ਉਸੇ ਦੇ ਰਾਹੀਂ ਅਸੀਂ ਵਿਸ਼ਵਾਸ ਦੁਆਰਾ ਉਸ ਕਿਰਪਾ ਤੱਕ ਪਹੁੰਚੇ ਜਿਸ ਵਿੱਚ ਅਸੀਂ ਕਾਇਮ ਹਾਂ ਅਤੇ ਪਰਮੇਸ਼ਰ ਦੀ ਮਹਿਮਾ ਦੀ ਆਸ ਉੱਤੇ ਘਮੰਡ ਕਰਦੇ ਹਾਂ। 3ਕੇਵਲ ਐਨਾ ਹੀ ਨਹੀਂ, ਸਗੋਂ ਅਸੀਂ ਕਸ਼ਟਾਂ ਵਿੱਚ ਵੀ ਘਮੰਡ ਕਰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਕਸ਼ਟ ਧੀਰਜ ਪੈਦਾ ਕਰਦਾ ਹੈ 4ਅਤੇ ਧੀਰਜ ਦ੍ਰਿੜ੍ਹਤਾ ਅਤੇ ਦ੍ਰਿੜ੍ਹਤਾ ਆਸ ਪੈਦਾ ਕਰਦੀ ਹੈ 5ਅਤੇ ਆਸ ਸ਼ਰਮਿੰਦਿਆਂ ਨਹੀਂ ਕਰਦੀ, ਕਿਉਂਕਿ ਜੋ ਪਵਿੱਤਰ ਆਤਮਾ ਸਾਨੂੰ ਦਿੱਤਾ ਗਿਆ ਹੈ ਉਸ ਦੇ ਦੁਆਰਾ ਪਰਮੇਸ਼ਰ ਦਾ ਪ੍ਰੇਮ ਸਾਡੇ ਦਿਲਾਂ ਵਿੱਚ ਪਾਇਆ ਗਿਆ ਹੈ।
ਧਰਮੀ ਠਹਿਰਾਏ ਹੋਇਆਂ ਦਾ ਮੇਲ-ਮਿਲਾਪ
6ਜਦੋਂ ਅਸੀਂ ਨਿਰਬਲ ਹੀ ਸੀ ਤਾਂ ਮਸੀਹ ਨੇ ਠੀਕ ਸਮੇਂ 'ਤੇ ਕੁਧਰਮੀਆਂ ਦੇ ਲਈ ਜਾਨ ਦਿੱਤੀ। 7ਕਿਉਂਕਿ ਔਖਾ ਹੈ ਕਿ ਧਰਮੀ ਦੇ ਲਈ ਕੋਈ ਮਰੇ, ਪਰ ਕੀ ਜਾਣੀਏ ਜੋ ਕਿਸੇ ਭਲੇ ਵਿਅਕਤੀ ਦੇ ਲਈ ਕੋਈ ਮਰਨ ਦੀ ਹਿੰਮਤ ਕਰ ਵੀ ਲਵੇ। 8ਪਰ ਪਰਮੇਸ਼ਰ ਆਪਣਾ ਪ੍ਰੇਮ ਸਾਡੇ ਉੱਤੇ ਇਸ ਤਰ੍ਹਾਂ ਪਰਗਟ ਕਰਦਾ ਹੈ ਕਿ ਜਦੋਂ ਅਸੀਂ ਪਾਪੀ ਹੀ ਸੀ ਤਾਂ ਮਸੀਹ ਨੇ ਸਾਡੀ ਖਾਤਰ ਜਾਨ ਦਿੱਤੀ। 9ਸੋ ਜਦੋਂ ਅਸੀਂ ਉਸ ਦੇ ਲਹੂ ਦੇ ਦੁਆਰਾ ਧਰਮੀ ਠਹਿਰਾਏ ਗਏ ਤਾਂ ਇਸ ਤੋਂ ਕਿਤੇ ਵਧਕੇ ਉਸ ਦੇ ਰਾਹੀਂ ਕ੍ਰੋਧ ਤੋਂ ਵੀ ਬਚ ਜਾਵਾਂਗੇ। 10ਕਿਉਂਕਿ ਜੇ ਵੈਰੀ ਹੋਣ 'ਤੇ ਵੀ ਪਰਮੇਸ਼ਰ ਦੇ ਪੁੱਤਰ ਦੀ ਮੌਤ ਦੇ ਦੁਆਰਾ ਸਾਡਾ ਮੇਲ ਉਸ ਨਾਲ ਹੋ ਗਿਆ ਤਾਂ ਮੇਲ ਹੋਣ ਤੋਂ ਬਾਅਦ ਇਸ ਤੋਂ ਬਹੁਤ ਵਧਕੇ ਅਸੀਂ ਉਸ ਦੇ ਜੀਵਨ ਦੇ ਦੁਆਰਾ ਮੁਕਤੀ ਪ੍ਰਾਪਤ ਕਰਾਂਗੇ; 11ਕੇਵਲ ਐਨਾ ਹੀ ਨਹੀਂ, ਸਗੋਂ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਜਿਸ ਦੇ ਦੁਆਰਾ ਹੁਣ ਅਸੀਂ ਉਸ ਮੇਲ ਨੂੰ ਪ੍ਰਾਪਤ ਕੀਤਾ, ਪਰਮੇਸ਼ਰ ਵਿੱਚ ਘਮੰਡ ਵੀ ਕਰਦੇ ਹਾਂ।
ਆਦਮ ਤੋਂ ਮੌਤ ਅਤੇ ਮਸੀਹ ਤੋਂ ਜੀਵਨ
12ਇਸ ਕਰਕੇ ਜਿਸ ਤਰ੍ਹਾਂ ਇੱਕ ਮਨੁੱਖ ਦੇ ਰਾਹੀਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਦੇ ਦੁਆਰਾ ਮੌਤ, ਉਸੇ ਤਰ੍ਹਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲ ਗਈ ਕਿਉਂਕਿ ਸਭ ਨੇ ਪਾਪ ਕੀਤਾ। 13ਪਾਪ ਬਿਵਸਥਾ ਤੋਂ ਪਹਿਲਾਂ ਹੀ ਸੰਸਾਰ ਵਿੱਚ ਸੀ, ਪਰ ਜਿੱਥੇ ਬਿਵਸਥਾ ਨਹੀਂ ਹੈ ਉੱਥੇ ਪਾਪ ਦਾ ਲੇਖਾ ਨਹੀਂ ਹੁੰਦਾ। 14ਫਿਰ ਵੀ ਆਦਮ ਤੋਂ ਲੈ ਕੇ ਮੂਸਾ ਤੱਕ ਮੌਤ ਨੇ ਉਨ੍ਹਾਂ ਲੋਕਾਂ ਉੱਤੇ ਵੀ ਰਾਜ ਕੀਤਾ ਜਿਨ੍ਹਾਂ ਨੇ ਆਦਮ ਦੇ ਅਪਰਾਧ ਵਰਗਾ ਪਾਪ ਨਹੀਂ ਕੀਤਾ ਸੀ; ਆਦਮ ਉਸ ਦਾ ਨਮੂਨਾ ਸੀ ਜਿਹੜਾ ਆਉਣ ਵਾਲਾ ਸੀ।
15ਪਰ ਇਵੇਂ ਨਹੀਂ ਕਿ ਜਿਸ ਤਰ੍ਹਾਂ ਅਪਰਾਧ ਹੈ ਉਸੇ ਤਰ੍ਹਾਂ ਵਰਦਾਨ ਵੀ ਹੈ, ਕਿਉਂਕਿ ਜੇ ਇੱਕ ਮਨੁੱਖ ਦੇ ਅਪਰਾਧ ਕਰਕੇ ਬਹੁਤ ਮਰੇ ਤਾਂ ਪਰਮੇਸ਼ਰ ਦੀ ਕਿਰਪਾ ਅਤੇ ਇੱਕ ਮਨੁੱਖ ਅਰਥਾਤ ਯਿਸੂ ਮਸੀਹ ਦੀ ਕਿਰਪਾ ਦਾ ਦਾਨ ਇਸ ਤੋਂ ਕਿਤੇ ਵਧਕੇ ਬਹੁਤ ਲੋਕਾਂ ਨੂੰ ਭਰਪੂਰੀ ਨਾਲ ਮਿਲਿਆ। 16ਸੋ ਇੱਕ ਮਨੁੱਖ ਦੇ ਪਾਪ ਅਤੇ ਪਰਮੇਸ਼ਰ ਦੇ ਮੁਫ਼ਤ ਵਰਦਾਨ ਦਾ ਨਤੀਜਾ ਇੱਕੋ ਜਿਹਾ ਨਹੀਂ ਹੈ, ਕਿਉਂਕਿ ਇੱਕ ਪਾਪ ਦੇ ਕਰਕੇ ਨਿਆਂ ਦੁਆਰਾ ਸਜ਼ਾ ਆਈ, ਪਰ ਉਹ ਦਾਨ ਜੋ ਧਰਮੀ ਠਹਿਰਾਉਂਦਾ ਹੈ, ਬਹੁਤੇ ਅਪਰਾਧਾਂ ਤੋਂ ਬਾਅਦ ਆਇਆ। 17ਕਿਉਂਕਿ ਜੇ ਮੌਤ ਨੇ ਇੱਕ ਮਨੁੱਖ ਦੇ ਅਪਰਾਧ ਕਰਕੇ ਇੱਕ ਹੀ ਦੇ ਰਾਹੀਂ ਰਾਜ ਕੀਤਾ ਤਾਂ ਇਸ ਤੋਂ ਬਹੁਤ ਵਧਕੇ ਉਹ ਜਿਹੜੇ ਕਿਰਪਾ ਅਤੇ ਧਾਰਮਿਕਤਾ ਦੇ ਦਾਨ ਨੂੰ ਬਹੁਤਾਇਤ ਨਾਲ ਪ੍ਰਾਪਤ ਕਰਦੇ ਹਨ ਇੱਕ ਮਨੁੱਖ ਅਰਥਾਤ ਯਿਸੂ ਮਸੀਹ ਦੇ ਰਾਹੀਂ ਜੀਵਨ ਵਿੱਚ ਰਾਜ ਕਰਨਗੇ।
18ਸੋ ਜਿਸ ਤਰ੍ਹਾਂ ਇੱਕ ਦੇ ਅਪਰਾਧ ਕਰਕੇ ਸਭਨਾਂ ਮਨੁੱਖਾਂ ਉੱਤੇ ਸਜ਼ਾ ਆਈ, ਉਸੇ ਤਰ੍ਹਾਂ ਇੱਕ ਦੇ ਧਰਮ ਦੇ ਕੰਮ ਦੁਆਰਾ ਸਭ ਮਨੁੱਖ ਜੀਵਨ ਲਈ ਧਰਮੀ ਠਹਿਰਾਏ ਜਾਂਦੇ ਹਨ। 19ਕਿਉਂਕਿ ਜਿਸ ਤਰ੍ਹਾਂ ਇੱਕ ਮਨੁੱਖ ਦੀ ਅਣਆਗਿਆਕਾਰੀ ਕਰਕੇ ਬਹੁਤ ਸਾਰੇ ਪਾਪੀ ਠਹਿਰਾਏ ਗਏ, ਉਸੇ ਤਰ੍ਹਾਂ ਇੱਕ ਮਨੁੱਖ ਦੀ ਆਗਿਆਕਾਰੀ ਕਰਕੇ ਬਹੁਤ ਸਾਰੇ ਧਰਮੀ ਵੀ ਠਹਿਰਾਏ ਜਾਣਗੇ। 20ਪਰ ਬਿਵਸਥਾ ਇਸ ਲਈ ਆਈ ਕਿ ਅਪਰਾਧ ਵਧੇ; ਪਰ ਜਿੱਥੇ ਪਾਪ ਵਧਿਆ ਉੱਥੇ ਕਿਰਪਾ ਹੋਰ ਵੀ ਵਧੀਕ ਹੋਈ, 21ਤਾਂਕਿ ਜਿਸ ਤਰ੍ਹਾਂ ਪਾਪ ਨੇ ਮੌਤ ਦੇ ਦੁਆਰਾ ਰਾਜ ਕੀਤਾ, ਉਸੇ ਤਰ੍ਹਾਂ ਕਿਰਪਾ ਵੀ ਸਦੀਪਕ ਜੀਵਨ ਦੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਧਾਰਮਿਕਤਾ ਦੇ ਦੁਆਰਾ ਰਾਜ ਕਰੇ।

Zvýraznění

Kopírovat

Porovnat

Sdílet

None

Chceš mít své zvýrazněné verše uložené na všech zařízeních? Zaregistruj se nebo se přihlas