ਰੋਮੀਆਂ 7

7
ਵਿਵਾਹਿਤ ਜੀਵਨ ਦਾ ਉਦਾਹਰਣ
1ਹੇ ਭਰਾਵੋ, ਕੀ ਤੁਸੀਂ ਇਸ ਗੱਲ ਤੋਂ ਅਣਜਾਣ ਹੋ (ਕਿਉਂ ਜੋ ਮੈਂ ਉਨ੍ਹਾਂ ਨਾਲ ਬੋਲਦਾ ਹਾਂ ਜਿਹੜੇ ਬਿਵਸਥਾ ਨੂੰ ਜਾਣਦੇ ਹਨ) ਕਿ ਜਿਨ੍ਹਾਂ ਚਿਰ ਮਨੁੱਖ ਜਿਉਂਦਾ ਹੈ ਉਨ੍ਹਾਂ ਚਿਰ ਬਿਵਸਥਾ ਉਸ ਉੱਤੇ ਅਧਿਕਾਰ ਰੱਖਦੀ ਹੈ? 2ਕਿਉਂਕਿ ਸੁਹਾਗਣ ਵੀ ਜਦ ਤੱਕ ਉਸ ਦਾ ਪਤੀ ਜਿਉਂਦਾ ਹੈ, ਉਹ ਬਿਵਸਥਾ ਦੇ ਅਨੁਸਾਰ ਉਹ ਦੇ ਬੰਧਨ ਵਿੱਚ ਰਹਿੰਦੀ ਹੈ, ਪਰ ਜੇ ਪਤੀ ਮਰ ਜਾਏ ਤਾਂ ਉਹ ਪਤੀ ਦੀ ਬਿਵਸਥਾ ਤੋਂ ਛੁੱਟ ਗਈ ਹੈ। 3ਪਰ ਜੇ ਉਹ ਆਪਣੇ ਪਤੀ ਦੇ ਜਿਉਂਦੇ ਜੀ ਦੂਜੇ ਦੀ ਹੋ ਜਾਵੇ ਤਾਂ ਵਿਭਚਾਰਣ ਕਹਾਵੇਗੀ ਪਰ ਜੇ ਉਹ ਦਾ ਪਤੀ ਮਰ ਜਾਏ ਤਾਂ ਉਹ ਬਿਵਸਥਾ ਤੋਂ ਛੁੱਟ ਗਈ ਹੈ ਅਤੇ ਭਾਵੇਂ ਦੂਜੇ ਪਤੀ ਦੀ ਹੋ ਜਾਵੇ ਤਾਂ ਵੀ ਉਹ ਵਿਭਚਾਰਣ ਨਹੀਂ ਹੁੰਦੀ। 4ਸੋ ਮੇਰੇ ਭਰਾਵੋ ਤੁਸੀਂ ਵੀ ਮਸੀਹ ਦੇ ਵਸੀਲੇ ਨਾਲ ਬਿਵਸਥਾ ਦੇ ਵੱਲੋਂ ਮਰ ਗਏ ਕਿ ਤੁਸੀਂ ਦੂਏ ਦੇ ਹੋ ਜਾਓ ਅਰਥਾਤ ਉਹ ਦੇ ਜਿਹੜਾ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਤਾਂ ਜੋ ਅਸੀਂ ਪਰਮੇਸ਼ੁਰ ਦੇ ਲਈ ਫਲ ਦੇਈਏ। 5ਜਦ ਅਸੀਂ ਸਰੀਰਕ ਸੀ, ਤਦ ਪਾਪਾਂ ਦੀਆਂ ਕਾਮਨਾਵਾਂ ਜੋ ਬਿਵਸਥਾ ਦੇ ਕਾਰਨ ਸਨ ਸਾਡੇ ਅੰਗਾਂ ਵਿੱਚ ਪ੍ਰੇਰਨਾ ਕਰਦੀਆਂ ਸੀ ਕਿ ਮੌਤ ਦੇ ਲਈ ਫਲ ਦੇਣ। 6ਪਰ ਅਸੀਂ ਉਹ ਦੀ ਵੱਲੋਂ ਮਰ ਕੇ ਜਿਹ ਦੇ ਵਿੱਚ ਬੱਧੇ ਹੋਏ ਸੀ, ਬਿਵਸਥਾ ਤੋਂ ਹੁਣ ਛੁੱਟ ਗਏ ਹਾਂ, ਜਿਸ ਕਰਕੇ ਅਸੀਂ ਆਤਮਾ ਦੀ ਨਵੀਂ ਰੀਤ ਉੱਤੇ ਸੇਵਾ ਕਰਦੇ ਹਾਂ, ਨਾ ਕਿ ਲਿਖਤ ਦੀ ਪੁਰਾਣੀ ਰੀਤ ਉੱਤੇ।
ਬਿਵਸਥਾ ਅਤੇ ਪਾਪ
7ਹੁਣ, ਅਸੀਂ ਕੀ ਆਖੀਏ? ਕੀ ਬਿਵਸਥਾ ਪਾਪ ਹੈ? ਕਦੇ ਨਹੀਂ! ਸਗੋਂ ਬਿਵਸਥਾ ਤੋਂ ਬਿਨ੍ਹਾਂ ਮੈਂ ਪਾਪ ਨੂੰ ਨਾ ਪਛਾਣਦਾ ਕਿਉਂਕਿ ਜੇ ਬਿਵਸਥਾ ਨਾ ਕਹਿੰਦੀ ਕਿ ਲਾਲਚ ਨਾ ਕਰ ਤਾਂ ਮੈਂ ਲਾਲਚ ਨੂੰ ਨਾ ਜਾਣਦਾ। 8ਪਰ ਪਾਪ ਨੇ ਮੌਕਾ ਪਾ ਕੇ ਹੁਕਮਨਾਮੇ ਦੇ ਕਾਰਨ ਮੇਰੇ ਵਿੱਚ ਹਰ ਪ੍ਰਕਾਰ ਦਾ ਲੋਭ ਪੈਦਾ ਕੀਤਾ ਕਿਉਂ ਜੋ ਬਿਵਸਥਾ ਦੇ ਬਿਨ੍ਹਾਂ ਪਾਪ ਮੁਰਦਾ ਹੈ। 9ਅਤੇ ਮੈਂ ਪਹਿਲਾਂ ਬਿਵਸਥਾ ਦੇ ਬਿਨ੍ਹਾਂ ਜਿਉਂਦਾ ਸੀ ਪਰ ਜਦ ਹੁਕਮਨਾਮਾ ਆਇਆ ਤਦ ਪਾਪ ਜੀ ਪਿਆ ਅਤੇ ਮੈਂ ਮਰ ਗਿਆ। 10ਅਤੇ ਉਹ ਹੁਕਮਨਾਮਾ ਜਿਹੜਾ ਜੀਵਨ ਦੇ ਲਈ ਸੀ ਉਹੋ ਮੇਰੇ ਲਈ ਮੌਤ ਦਾ ਕਾਰਨ ਵਿਖਾਈ ਦਿੱਤਾ। 11ਕਿਉਂ ਜੋ ਪਾਪ ਨੇ ਮੌਕਾ ਪਾ ਕੇ ਹੁਕਮਨਾਮੇ ਦੇ ਰਾਹੀਂ ਮੈਨੂੰ ਧੋਖਾ ਦਿੱਤਾ ਅਤੇ ਉਹ ਦੇ ਵਸੀਲੇ ਨਾਲ ਮੈਨੂੰ ਮਾਰ ਸੁੱਟਿਆ। 12ਸੋ ਬਿਵਸਥਾ ਪਵਿੱਤਰ ਹੈ, ਹੁਕਮਨਾਮਾ ਪਵਿੱਤਰ ਅਤੇ ਠੀਕ ਅਤੇ ਚੰਗਾ ਹੈ।
13ਹੁਣ ਉਹ ਜੋ ਚੰਗਾ ਹੈ, ਕੀ ਮੇਰੇ ਲਈ ਮੌਤ ਬਣਿਆ? ਕਦੇ ਨਹੀਂ! ਪਰ ਪਾਪ ਨੇ ਕਿ ਪਾਪ ਪਰਗਟ ਹੋਵੇ ਮੇਰੇ ਲਈ ਚੰਗੀ ਗੱਲ ਦੇ ਵਸੀਲੇ ਨਾਲ ਮੌਤ ਨੂੰ ਪੈਦਾ ਕੀਤਾ ਤਾਂ ਜੋ ਹੁਕਮਨਾਮੇ ਦੇ ਕਾਰਨ ਪਾਪ ਅੱਤ ਬੁਰਾ ਠਹਿਰੇ। 14ਅਸੀਂ ਜਾਣਦੇ ਤਾਂ ਹਾਂ ਜੋ ਬਿਵਸਥਾ ਆਤਮਿਕ ਹੈ ਪਰ ਮੈਂ ਸਰੀਰਕ ਅਤੇ ਪਾਪ ਦੇ ਹੱਥ ਵਿਕਿਆ ਹੋਇਆ ਹਾਂ। 15ਮੈਂ ਨਹੀਂ ਜਾਣਦਾ ਜੋ ਕੀ ਕਰਾਂ ਕਿਉਂ ਜੋ ਮੈਂ ਉਹ ਨਹੀਂ ਕਰਦਾ ਜੋ ਚਾਹੁੰਦਾ ਹਾਂ ਸਗੋਂ ਉਹ ਕਰਦਾ ਹਾਂ ਜਿਸ ਤੋਂ ਮੈਨੂੰ ਨਫ਼ਰਤ ਆਉਂਦੀ ਹੈ। 16ਪਰ ਜੇ ਮੈਂ ਉਹ ਕਰਦਾ ਹਾਂ ਜੋ ਨਹੀਂ ਚਾਹੁੰਦਾ ਤਾਂ ਮੈਂ ਬਿਵਸਥਾ ਨੂੰ ਮੰਨ ਲੈਂਦਾ ਹਾਂ ਕਿ ਉਹ ਚੰਗੀ ਹੈ। 17ਸੋ ਮੈਂ ਹੁਣ ਇਸ ਹਾਲ ਵਿੱਚ ਉਹ ਕਰਨ ਵਾਲਾ ਨਹੀਂ ਸਗੋਂ ਪਾਪ ਹੈ ਜਿਹੜਾ ਮੇਰੇ ਵਿੱਚ ਵੱਸਦਾ ਹੈ। 18ਮੈਂ ਜਾਣਦਾ ਤਾਂ ਹਾਂ ਕਿ ਮੇਰੇ ਅੰਦਰ ਅਰਥਾਤ ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਹੈ ਨਹੀਂ। ਇਰਾਦਾ ਕਰਨਾ ਤਾਂ ਮੇਰੇ ਅੰਦਰ ਹੈ, ਪਰ ਭਲਾ ਕਰਨਾ ਹੈ ਨਹੀਂ। 19ਜਿਹੜੀ ਭਲਿਆਈ ਮੈਂ ਕਰਨਾ ਚਾਹੁੰਦਾ ਹਾਂ, ਉਹ ਮੈਂ ਨਹੀਂ ਕਰਦਾ ਸਗੋਂ ਜਿਹੜੀ ਬੁਰਿਆਈ ਮੈਂ ਨਹੀਂ ਕਰਨਾ ਚਾਹੁੰਦਾ ਉਹ ਹੀ ਕਰਦਾ ਹਾਂ। 20ਪਰ ਜੇ ਮੈਂ ਉਹ ਕੰਮ ਕਰਦਾ ਹਾਂ ਜਿਹੜਾ ਮੈਂ ਨਹੀਂ ਚਾਹੁੰਦਾ ਤਾਂ ਕਰਨ ਵਾਲਾ ਮੈਂ ਨਹੀਂ ਸਗੋਂ ਪਾਪ ਹੈ ਜੋ ਮੇਰੇ ਵਿੱਚ ਵੱਸਦਾ ਹੈ। 21ਸੋ ਮੈਂ ਅੰਗਾਂ ਵਿੱਚ ਇਹ ਕਨੂੰਨ ਵੇਖਦਾ ਹਾਂ ਕਿ ਜਦੋਂ ਮੈਂ ਭਲਿਆਈ ਕਰਨਾ ਚਾਹੁੰਦਾ ਹਾਂ ਉਦੋਂ ਬੁਰਿਆਈ ਹਾਜ਼ਰ ਹੁੰਦੀ ਹੈ। 22ਮੈਂ ਤਾਂ ਅੰਦਰਲੇ ਮਨੁੱਖ ਅਨੁਸਾਰ ਪਰਮੇਸ਼ੁਰ ਦੀ ਬਿਵਸਥਾ ਵਿੱਚ ਅਨੰਦ ਹੁੰਦਾ ਹਾਂ। 23ਪਰ ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਨੂੰਨ ਨੂੰ ਵੀ ਵੇਖਦਾ ਹਾਂ, ਜੋ ਮੇਰੀ ਬੁੱਧ ਦੇ ਕਨੂੰਨ ਨਾਲ ਲੜਦਾ ਹੈ ਅਤੇ ਮੈਨੂੰ ਉਸ ਪਾਪ ਦੇ ਕਨੂੰਨ ਦੇ ਜੋ ਮੇਰਿਆਂ ਅੰਗਾਂ ਵਿੱਚ ਹੈ, ਬੰਧਨ ਵਿੱਚ ਲਈ ਆਉਂਦਾ ਹੈ। 24ਮੈਂ ਕਿੰਨਾਂ ਮੰਦਭਾਗੀ ਮਨੁੱਖ ਹਾਂ! ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ? 25ਮਸੀਹ ਸਾਡੇ ਪ੍ਰਭੂ ਦੇ ਵਸੀਲੇ ਪਰਮੇਸ਼ੁਰ ਦਾ ਧੰਨਵਾਦ ਹੋਵੇ! ਸੋ ਮੈਂ ਆਪ ਬੁੱਧ ਨਾਲ ਪਰਮੇਸ਼ੁਰ ਦੇ ਕਨੂੰਨ ਦੀ ਸੇਵਾ ਕਰਦਾ ਪਰ ਸਰੀਰ ਨਾਲ ਪਾਪ ਦੇ ਕਨੂੰਨ ਦੀ।

Subratllat

Copia

Compara

Comparteix

None

Vols que els teus subratllats es desin a tots els teus dispositius? Registra't o inicia sessió