ਰਸੂਲਾਂ ਦੇ ਕਰਤੱਬ 7
7
ਇਸਤੀਫ਼ਾਨ ਦਾ ਉਪਦੇਸ਼
1ਸਰਦਾਰ ਜਾਜਕ ਨੇ ਇਸਤੀਫ਼ਾਨ ਨੂੰ ਪੁੱਛਿਆ, “ਕੀ ਇਹ ਗੱਲਾਂ ਸੱਚ ਹਨ?” 2ਇਸਤੀਫ਼ਾਨ ਨੇ ਜਵਾਬ ਦਿੱਤਾ, “ਹੇ ਮੇਰੇ ਯਹੂਦੀ ਪਿਤਰੋ ਅਤੇ ਭਰਾਵੋ ਸੁਣੋ। ਸਾਡੇ ਪਿਤਾ ਅਬਰਾਹਾਮ ਨੂੰ ਹਾਰਾਨ ਵਿੱਚ ਵੱਸਣ ਤੋਂ ਪਹਿਲਾਂ ਜਦ ਉਹ ਮਸੋਪੋਤਾਮਿਯਾ ਵਿੱਚ ਸੀ, ਤਾਂ ਇੱਕ ਮਹਿਮਾਮਈ ਪਰਮੇਸ਼ੁਰ ਵਿਖਲਾਈ ਦਿੱਤਾ। 3ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ, ‘ਤੂੰ ਆਪਣਾ ਦੇਸ਼ ਅਤੇ ਲੋਕਾਂ ਨੂੰ ਛੱਡ ਕੇ ਉਸ ਦੇਸ਼ ਨੂੰ ਚੱਲਿਆ ਜਾ ਜੋ ਮੈਂ ਤੈਨੂੰ ਵਿਖਾਵਾਂਗਾ।’#ਉਤਪਤ. 12:1
4“ਇਸ ਲਈ ਅਬਰਾਹਾਮ ਕਲਦੀਆਂ ਦੇ ਦੇਸ਼ ਚੋਂ ਨਿਕਲ ਕੇ ਹਾਰਾਨ ਵਿੱਚ ਜਾ ਵਸਿਆ ਅਤੇ ਅਬਰਾਹਾਮ ਦੇ ਪਿਉ ਦੇ ਮਰਨ ਤੋਂ ਬਾਅਦ ਪਰਮੇਸ਼ੁਰ ਨੇ ਉਸ ਨੂੰ ਇਸ ਜਗ਼੍ਹਾ ਭੇਜਿਆ ਜਿੱਥੇ ਹੁਣ ਤੁਸੀਂ ਰਹਿੰਦੇ ਹੋ। 5ਪਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਇਹ ਜ਼ਮੀਨ ਨਾ ਦਿੱਤੀ, ਇੱਕ ਫ਼ੁੱਟ ਤੱਕ ਦੀ ਵੀ ਥਾਂ ਨਾ ਦਿੱਤੀ ਪਰ ਪਰਮੇਸ਼ੁਰ ਨੇ ਉਸ ਨਾਲ ਵਾਅਦਾ ਕੀਤਾ ਕਿ ਮੈਂ ਇਹ ਧਰਤੀ ਉਸੇ ਅਤੇ ਉਸ ਦੇ ਪਿੱਛੋਂ ਉਸ ਦੇ ਅੰਸ਼ ਨੂੰ ਦੇਵਾਂਗਾ ਭਾਵੇਂ ਅਜੇ ਉਸ ਦੇ ਘਰ ਕੋਈ ਬੱਚਾ ਨਹੀਂ ਸੀ।
6“ਪਰਮੇਸ਼ੁਰ ਨੇ ਉਸ ਨੂੰ ਆਖਿਆ ਕਿ ‘ਤੇਰੀ ਔਲਾਦ ਕਿਸੇ ਹੋਰ ਦੇਸ਼ ਵਿੱਚ ਰਹੇਗੀ। ਉਹ ਉਸ ਜਗ਼੍ਹਾ ਤੇ ਅਜਨਬੀਆਂ ਵਾਂਗ ਰਹਿਣਗੇ। ਉੱਥੋਂ ਦੇ ਲੋਕ ਉਨ੍ਹਾਂ ਨੂੰ ਆਪਣਾ ਗੁਲਾਮ ਬਣਾ ਕੇ ਉਨ੍ਹਾਂ ਨਾਲ ਬੁਰਾ ਸਲੂਕ ਕਰਣਗੇ। ਅਜਿਹਾ ਚਾਰ ਸੌ ਸਾਲ ਤੱਕ ਹੁੰਦਾ ਰਹੇਗਾ। 7ਪਰ ਪਰਮੇਸ਼ੁਰ ਨੇ ਕਿਹਾ, ਮੈਂ ਉਸ ਕੌਮ ਨੂੰ, ਜਿਸਦੇ ਉਹ ਗੁਲਾਮ ਹੋਣਗੇ, ਸਜ਼ਾ ਦੇਵਾਂਗਾ।’#ਉਤਪਤ. 15:13-14 ‘ਫ਼ੇਰ ਅਜਿਹਾ ਹੋਣ ਤੋਂ ਬਾਅਦ ਉਹ ਉੱਥੋਂ ਨਿਕਲ ਆਉਣਗੇ। ਤਦ ਤੇਰੇ ਲੋਕ ਇੱਥੇ ਆਉਣਗੇ ਅਤੇ ਇਸ ਜਗ਼੍ਹਾ ਮੇਰੀ ਉਪਾਸਨਾ ਕਰਨਗੇ।’#ਉਤਪਤ. 15:14; ਕੂਚ 3:12
8“ਅਤੇ ਪਰਮੇਸ਼ੁਰ ਨੇ ਉਸ ਦੇ ਨਾਲ ਇੱਕ ਕਰਾਰ ਕੀਤਾ ਤੇ ਉਸ ਕਰਾਰ ਦਾ ਨਿਸ਼ਾਨ ਸੁੰਨਤ ਸੀ। ਇਸ ਲਈ ਜਦੋਂ ਅਬਰਾਹਾਮ ਦੇ ਘਰ ਮੁੰਡਾ ਪੈਦਾ ਹੋਇਆ, ਅੱਠਵੇਂ ਦਿਨ ਹੀ ਉਸ ਨੇ ਮੁੰਡੇ ਦੀ ਸੁੰਨਤ ਕਰ ਦਿੱਤੀ। ਅਬਰਾਹਾਮ ਦੇ ਪੁੱਤਰ ਦਾ ਨਾਂ ਇਸਹਾਕ ਰੱਖਿਆ ਗਿਆ। ਇਸਹਾਕ ਨੇ ਵੀ ਆਪਣੇ ਪੁੱਤਰ ਯਾਕੂਬ ਦੀ ਸੁੰਨਤ ਕਰਵਾਈ ਅਤੇ ਯਾਕੂਬ ਨੇ ਵੀ ਆਪਣੇ ਪੁੱਤਰਾਂ ਨਾਲ ਉਵੇਂ ਹੀ ਕੀਤਾ। ਅੱਗੇ ਜਾਕੇ ਇਹ ਪੁੱਤਰ ਸਾਡੇ ਬਾਰ੍ਹਾਂ ਵੰਸ਼ਾਂ ਦੇ ਪੂਰਵਜ਼ ਬਣੇ।
9“ਪਰ ਇਨ੍ਹਾਂ ਪੂਰਵਜ਼ਾਂ ਨੇ ਆਪਣੇ ਛੋਟੇ ਭਰਾ ਯੂਸੁਫ਼ ਨੂੰ ਈਰਖਾ ਕਾਰਣ ਮਿਸਰ ਦੇ ਲੋਕਾਂ ਕੋਲ ਇੱਕ ਦਾਸ ਵਾਂਗ ਵੇਚ ਦਿੱਤਾ। ਪਰ ਪਰਮੇਸ਼ੁਰ ਯੂਸੁਫ਼ ਦੇ ਨਾਲ ਸੀ। 10ਯੂਸੁਫ਼ ਨੂੰ ਉੱਥੇ ਬੜੀਆਂ ਮੁਸੀਬਤਾਂ ਆਈਆਂ, ਪਰ ਪਰਮੇਸ਼ੁਰ ਨੇ ਉਸ ਨੂੰ ਉਨ੍ਹਾਂ ਸਭ ਮੁਸੀਬਤਾਂ ਤੋਂ ਬਚਾਇਆ। ਉਸ ਵਕਤ, ਫ਼ਿਰਊਨ ਮਿਸਰ ਤੇ ਰਾਜ ਕਰਦਾ ਸੀ। ਫ਼ਿਰਊਨ ਯੂਸੁਫ਼ ਦੀ ਉਸ ਸਿਆਣਪ ਕਾਰਣ, ਜੋ ਪਰਮੇਸ਼ੁਰ ਨੇ ਉਸ ਨੂੰ ਬਖਸ਼ੀ ਸੀ, ਉਸ ਦੀ ਇੱਜ਼ਤ ਕਰਦਾ ਸੀ। ਫ਼ਿਰਊਨ ਨੇ ਯੂਸੁਫ਼ ਨੂੰ ਮਿਸਰ ਦੇ ਰਾਜਪਾਲ ਦਾ ਅਹੁਦਾ ਦਿੱਤਾ ਅਤੇ ਆਪਣੇ ਮਹਿਲਾਂ ਦੀਆਂ ਸਾਰੀਆਂ ਚੀਜ਼ਾਂ ਦੀ ਜਿੰਮੇਵਾਰੀ ਦੇ ਦਿੱਤੀ। 11ਪਰ ਫ਼ਿਰ ਸਾਰੇ ਮਿਸਰ ਅਤੇ ਕਨਾਨ ਵਿੱਚ ਕਾਲ ਪਿਆ, ਜ਼ਮੀਨ ਇੰਨੀ ਸੁੱਕ ਗਈ ਕਿ ਅਨਾਜ ਨਾ ਉੱਗ ਸੱਕਿਆ। ਨਤੀਜਾ, ਲੋਕਾਂ ਨੂੰ ਬਹੁਤ ਕਸ਼ਟ ਝੱਲਣੇ ਪਏ। ਸਾਡੇ ਪਿਉ-ਦਾਦਿਆਂ ਨੂੰ ਉੱਥੇ ਖਾਣ ਨੂੰ ਕੁਝ ਨਾ ਲੱਭਿਆ।
12“ਪਰ ਯਾਕੂਬ ਨੇ ਸੁਣਿਆ ਕਿ ਮਿਸਰ ਵਿੱਚ ਅਨਾਜ ਇਕੱਠਾ ਕੀਤਾ ਗਿਆ ਹੈ। ਇਸ ਲਈ ਉਸ ਨੇ ਸਾਡੇ ਪਿਉ ਦਾਦਿਆਂ ਨੂੰ ਉੱਥੇ ਭੇਜਿਆ। ਮਿਸਰ ਨੂੰ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਸੀ। 13ਤਦ ਫ਼ਿਰ ਉਹ ਉੱਥੇ ਦੂਜੀ ਵਾਰ ਫ਼ਿਰ ਗਏ। ਇਸ ਵਾਰ, ਯੂਸੁਫ਼ ਤੇ ਆਪਣੇ ਭਰਾਵਾਂ ਨੂੰ ਆਪਣਾ ਅਸਲੀ ਪਰੀਚੇ ਪ੍ਰਗਟਾਇਆ। ਤਾਂ ਫ਼ਿਰਊਨ ਨੂੰ ਯੂਸੁਫ਼ ਦੇ ਪਰਿਵਾਰ ਬਾਰੇ ਮਾਲੂਮ ਹੋ ਗਿਆ। 14ਤਦ ਯੂਸੁਫ਼ ਨੇ ਕੁਝ ਆਦਮੀਆਂ ਨੂੰ ਆਪਣੇ ਪਿਉ ਯਾਕੂਬ ਨੂੰ ਅਤੇ ਰਿਸ਼ਤੇਦਾਰਾਂ ਨੂੰ, ਮਿਸਰ ਵਿੱਚ ਨਿਉਂਤਾ ਦੇਣ ਲਈ ਭੇਜਿਆ ਜੋ ਕਿ ਗਿਣਤੀ ਵਿੱਚ ਕੁੱਲ ਪੰਝੱਤਰ ਜੀਅ ਸਨ। 15ਤਦ ਯਾਕੂਬ ਮਿਸਰ ਨੂੰ ਗਿਆ। ਯਾਕੂਬ ਅਤੇ ਸਾਡੇ ਦਾਦੇ-ਪੜਦਾਦੇ ਫ਼ਿਰ ਮਰਨ ਤੱਕ ਉੱਥੇ ਹੀ ਰਹੇ। 16ਬਾਅਦ ਵਿੱਚ, ਉਨ੍ਹਾਂ ਦੇ ਸਰੀਰ ਸ਼ਕਮ ਨੂੰ ਲਿਜਾਏ ਗਏ ਅਤੇ ਕਬਰ ਵਿੱਚ ਪਾ ਦਿੱਤੇ ਗਏ। ਇਹ ਉਹੀ ਕਬਰ ਸੀ ਜਿਹੜੀਆਂ ਅਬਰਾਹਾਮ ਨੇ ਸ਼ਕਮ ਵਿੱਚ ਹਮੋਰ ਦੇ ਪੁੱਤਰਾਂ ਤੋਂ ਚਾਂਦੀ ਦੇਕੇ ਮੁਲ ਖਰੀਦੀ ਸੀ।
17“ਮਿਸਰ ਵਿੱਚ ਯਹੂਦੀਆਂ ਦੀ ਗਿਣਤੀ ਵੱਧ ਗਈ। ਜਦੋਂ ਉਹ ਕਰਾਰ ਪੂਰਾ ਹੋਣ ਦਾ ਵੇਲਾ ਨੇੜੇ ਆਇਆ, ਜਿਸਦਾ ਪਰਮੇਸ਼ੁਰ ਨੇ ਅਬਰਾਹਾਮ ਨਾਲ ਵਚਨ ਕੀਤਾ ਸੀ। ਮਿਸਰ ਵਿੱਚ ਸਾਡੇ ਲੋਕ ਤੇਜ਼ ਰਫ਼ਤਾਰ ਨਾਲ ਵੱਧ ਗਏ। 18ਫ਼ੇਰ ਮਿਸਰ ਵਿੱਚ ਇੱਕ ਦੂਜਾ ਰਾਜਾ ਸ਼ਾਸਨ ਕਰਨ ਲੱਗ ਪਿਆ ਅਤੇ ਉਸ ਰਾਜੇ ਨੂੰ ਯੂਸੁਫ਼ ਬਾਰੇ ਕੁਝ ਵੀ ਪਤਾ ਨਹੀਂ ਸੀ। 19ਇਸ ਰਾਜੇ ਨੇ ਸਾਡੇ ਲੋਕਾਂ ਨੂੰ ਗੁਮਰਾਹ ਕੀਤਾ ਤੇ ਸਾਡੇ ਪੂਰਵਜ਼ਾਂ ਤੇ ਜ਼ੁਲਮ ਕੀਤੇ। ਉਸ ਨੇ ਉਨ੍ਹਾਂ ਦੇ ਬੱਚਿਆਂ ਨੂੰ ਬਾਹਰ ਸੁੱਟਕੇ ਮਾਰੇ ਜਾਣ ਲਈ ਮਜ਼ਬੂਰ ਕੀਤਾ।
20“ਇਸੇ ਸਮੇਂ ਮੂਸਾ ਜਨਮਿਆ ਸੀ। ਉਹ ਬੜਾ ਸੁੰਦਰ ਬਾਲਕ ਸੀ। ਤਿੰਨ ਮਹੀਨਿਆਂ ਤੱਕ ਉਸਦੀ ਦੇਖ ਭਾਲ ਆਪਣੇ ਪਿਓ ਦੇ ਘਰ ਹੋਈ ਸੀ। 21ਜਦੋਂ ਉਸ ਨੂੰ ਬਾਹਰ ਛੱਡ ਦਿੱਤਾ ਗਿਆ, ਤਾਂ ਫ਼ਿਰਊਨ ਦੀ ਧੀ ਨੇ ਉਸ ਨੂੰ ਗੋਦ ਲਿਆ ਅਤੇ ਉਸ ਨੂੰ ਆਪਣੇ ਪੁੱਤਰ ਵਾਂਗ ਪਾਲਿਆ ਪੋਸਿਆ। 22ਮੂਸਾ ਮਿਸਰੀਆਂ ਦੀਆਂ ਸਾਰੀਆਂ ਵਿਦਿਆਵਾਂ ਵਿੱਚ ਸਿਖਿਅਤ ਸੀ। ਉਹ ਆਪਣੇ ਬਚਨਾਂ ਅਤੇ ਕਰਨੀਆਂ ਕਾਰਣ ਬੜਾ ਸ਼ਕਤੀਸ਼ਾਲੀ ਅਤੇ ਸਮਰਥ ਸਿਧ ਹੋਇਆ।
23“ਜਦੋਂ ਮੂਸਾ ਚਾਲੀਆਂ ਸਾਲਾਂ ਦੀ ਉਮਰ ਦੇ ਆਸ ਪਾਸ ਸੀ, ਉਸ ਨੇ ਆਪਣੇ ਯਹੂਦੀ ਭਰਾਵਾਂ ਨਾਲ ਭੇਂਟ ਕਰਨ ਦੀ ਸੋਚੀ। 24ਜਦੋਂ ਉਸ ਨੇ ਇੱਕ ਮਿਸਰੀ ਨੂੰ ਇੱਕ ਯਹੂਦੀ ਨਾਲ ਬੁਰਾ ਵਿਹਾਰ ਕਰਦੇ ਵੇਖਿਆ, ਉਸ ਨੇ ਯਹੂਦੀ ਦਾ ਪੱਖ ਲਿਆ ਅਤੇ ਮਿਸਰੀ ਨੂੰ, ਯਹੂਦੀ ਨਾਲ ਕੀਤੀ ਇਸ ਕਰਨੀ ਵਾਸਤੇ ਸਜ਼ਾ ਦਿੱਤੀ। ਮੂਸਾ ਨੇ ਉਸ ਨੂੰ ਇੰਨੀ ਜ਼ੋਰ ਦੀ ਠੋਕਰ ਮਾਰੀ ਕਿ ਉਹ ਮਰ ਗਿਆ। 25ਮੂਸਾ ਨੇ ਸੋਚਿਆ ਕਿ ਉਸ ਦੇ ਯਹੂਦੀ ਭਰਾ ਸਮਝ ਜਾਣ ਕਿ ਪਰਮੇਸ਼ੁਰ ਉਨ੍ਹਾਂ ਨੂੰ ਬਚਾਉਣ ਲਈ ਉਸਦਾ ਇਸਤੇਮਾਲ ਕਰ ਰਿਹਾ ਸੀ, ਪਰ ਉਹ ਨਾ ਸਮਝੇ।
26“ਅਗਲੇ ਦਿਨ, ਮੂਸਾ ਨੇ ਦੋ ਯਹੂਦੀਆਂ ਨੂੰ ਲੜਦਿਆਂ ਵੇਖਿਆ, ਉਸ ਨੇ ਉਨ੍ਹਾਂ ਵਿੱਚ ਸੁਲਾਹ ਕਰਵਾਉਣੀ ਚਾਹੀ ਤੇ ਆਖਿਆ, ‘ਹੇ ਮਨੁੱਖੋ। ਤੁਸੀਂ ਭਰਾ-ਭਰਾ ਹੋ। ਤਾਂ ਫ਼ਿਰ ਤੁਸੀਂ ਕਿਉਂ ਇੱਕ ਦੂਜੇ ਨੂੰ ਨੁਕਸਾਨ ਪਹੁੰਚਾ ਰਹੇ ਹੋ?’ 27ਉਹ ਮਨੁੱਖ ਜਿਹੜਾ ਦੂਜੇ ਨੂੰ ਨੁਕਸਾਨ ਪਹੁੰਚਾ ਰਿਹਾ ਸੀ ਉਸ ਨੇ ਮੂਸਾ ਨੂੰ ਧੱਕਾ ਦੇਕੇ ਆਖਿਆ, ‘ਤੈਨੂੰ ਕਿਸ ਨੇ ਸਾਡੇ ਉੱਪਰ ਹਾਕਮ ਅਤੇ ਨਿਆਂਈ ਬਣਾਇਆ ਹੈ? 28ਕੀ ਤੂੰ ਮੈਨੂੰ ਵੀ ਇੰਝ ਹੀ ਮਾਰਨਾ ਚਾਹੁੰਦਾ ਹੈ ਜਿਵੇਂ ਕੱਲ ਇੱਕ ਮਿਸਰੀ ਨੂੰ ਮਾਰਿਆ ਸੀ?’#ਕੂਚ 2:14 29ਜਦੋਂ ਮੂਸਾ ਨੇ ਉਸ ਨੂੰ ਇਹ ਕਹਿੰਦੇ ਸੁਣਿਆ ਤਾਂ ਉਹ ਮਿਸਰ ਛੱਡ ਕੇ ਮਿਦਯਾਨ ਦੇਸ਼ ਵਿੱਚ ਚੱਲਾ ਗਿਆ। ਉੱਥੇ ਉਹ ਅਜਨਬੀ ਸੀ। ਜਦੋਂ ਮੂਸਾ ਮਿਦਯਾਨ ਵਿੱਚ ਸੀ ਉਸ ਦੇ ਘਰ ਦੋ ਪੁੱਤਰ ਪੈਦਾ ਹੋਏ।
30“ਚਾਲੀਆਂ ਸਾਲਾਂ ਬਾਅਦ, ਮੂਸਾ ਸਿਨਾਈ ਦੇ ਪਹਾੜ ਦੇ ਨੇੜੇ ਇੱਕ ਉਜਾੜ ਵਿੱਚ ਗਿਆ। ਉੱਥੇ ਉਸ ਨੂੰ ਇੱਕ ਦੂਤ ਅੱਗ ਦੀ ਲਾਟ ਵਿੱਚਕਾਰ ਬੱਲਦੀ ਝਾੜੀ ਵਿੱਚ ਪ੍ਰਗਟ ਹੋਇਆ। 31ਜਦੋਂ ਉਸ ਨੇ ਅਜਿਹਾ ਵੇਖਿਆ ਤਾਂ ਉਹ ਹੈਰਾਨ ਰਹਿ ਗਿਆ। ਜਦੋਂ ਉਹ ਚੰਗੀ ਤਰ੍ਹਾਂ ਵੇਖਣ ਲਈ ਨੇੜੇ ਗਿਆ, ਤਾਂ ਉਸ ਨੇ ਇੱਕ ਅਵਾਜ਼ ਸੁਣੀ, ਇਹ ਪ੍ਰਭੂ ਦੀ ਅਵਾਜ਼ ਸੀ। 32ਪ੍ਰਭੂ ਨੇ ਆਖਿਆ, ‘ਮੈਂ ਤੇਰੇ ਪਿਓ ਦਾਦਿਆਂ ਦਾ ਪਰਮੇਸ਼ੁਰ ਹਾਂ। ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ, ਅਤੇ ਯਾਕੂਬ ਦਾ ਪਰਮੇਸ਼ੁਰ।’#ਕੂਚ 3:6 ਮੂਸਾ ਡਰ ਨਾਲ ਕੰਬਦਾ ਹੋਇਆ ਉੱਪਰ ਤੱਕਣ ਦਾ ਹੌਂਸਲਾ ਨਾ ਕਰ ਸੱਕਿਆ।
33“ਪ੍ਰਭੂ ਨੇ ਉਸ ਨੂੰ ਕਿਹਾ, ‘ਆਪਣੇ ਪੈਰਾਂ ਵਿੱਚੋਂ ਜੁੱਤੀ ਲਾਹ, ਕਿਉਂਕਿ ਜਿਸ ਥਾਂ ਉੱਪਰ ਤੂੰ ਖੜ੍ਹਾ ਹੈ ਉਹ ਇੱਕ ਪਵਿੱਤਰ ਧਰਤੀ ਹੈ। 34ਮੈਂ ਆਪਣੇ ਲੋਕਾਂ ਦੇ ਕਸ਼ਟਾਂ ਤੋਂ ਬਹੁਤ ਸੁਚੇਤ ਹਾਂ। ਅਤੇ ਉਨ੍ਹਾਂ ਨੂੰ ਬੜਾ ਕੁਰਲਾਉਂਦਿਆਂ ਹੋਇਆਂ ਸੁਣਿਆ ਹੈ। ਇਸੇ ਲਈ ਮੈਂ ਉਨ੍ਹਾਂ ਨੂੰ ਬਚਾਉਣ ਲਈ ਉੱਤਰਿਆ ਹਾਂ। ਹੁਣ, ਮੂਸਾ, ਮੈਂ ਤੈਨੂੰ ਵਾਪਸ ਮਿਸਰ ਵਿੱਚ ਭੇਜਾਂਗਾ।’#ਕੂਚ 3:5-10
35“ਇਹ ਉਹੀ ਮੂਸਾ ਹੈ ਜਿਸ ਨੂੰ ਇਸਰਾਏਲੀਆਂ ਨੇ ਇਹ ਆਖਦਿਆਂ ਨਾਮੰਜ਼ੂਰ ਕਰ ਦਿੱਤਾ ਸੀ ਕਿ ਤੈਨੂੰ ਸਾਡਾ ਹਾਕਮ ਅਤੇ ਮੁਨਸਫ਼ ਕਿਸਨੇ ਬਣਾਇਆ ਹੈ?#ਕੂਚ 2:14 ਉਹ ਪਰਮੇਸ਼ੁਰ ਦੁਆਰਾ ਹਾਕਮ ਅਤੇ ਛੁਟਕਾਰਾ ਦੇਣ ਵਾਲਾ ਹੋਣ ਲਈ ਭੇਜਿਆ ਗਿਆ ਸੀ। ਪਰੇਸ਼ੁਰ ਨੇ ਉਸ ਨੂੰ ਇੱਕ ਦੂਤ ਰਾਹੀਂ ਭੇਜਿਆ ਜੋ ਉਸ ਨੂੰ ਮੱਚਦੀ ਝਾੜੀ ਵਿੱਚ ਪ੍ਰਗਟਿਆ ਸੀ। 36ਉਹੀ ਹੈ ਜਿਸਨੇ ਉਨ੍ਹਾਂ ਨੂੰ ਮਿਸਰ ਤੋਂ ਬਾਹਰ ਕੱਢਿਆ ਸੀ। ਉਸ ਨੇ ਸ਼ਕਤੀਸ਼ਾਲੀ ਕਰਤੱਬ ਅਤੇ ਕਰਿਸ਼ਮੇ ਮਿਸਰ ਵਿੱਚ ਅਤੇ ਲਾਲ ਸਮੁੰਦਰ ਵਿੱਚ ਅਤੇ ਉਜਾੜ ਵਿੱਚ ਚਾਲ੍ਹੀ ਸਾਲ ਤੱਕ ਕੀਤੇ।
37“ਇਹ ਉਹੀ ਮੂਸਾ ਸੀ ਜਿਸਨੇ ਇਸਰਾਏਲ ਦੇ ਪੁੱਤਰਾਂ ਨੂੰ ਕਿਹਾ ਸੀ ‘ਪਰਮੇਸ਼ੁਰ ਤੁਹਾਡੇ ਭਰਾਵਾਂ ਵਿੱਚੋਂ ਹੀ ਤੁਹਾਡੇ ਲਈ ਮੇਰੇ ਵਰਗਾ ਇੱਕ ਨਬੀ ਖੜ੍ਹਾ ਕਰੇਗਾ।’#ਬਿਵਸਥਾ ਸਾਰ 18:15 38ਇਹ ਉਹੀ ਮੂਸਾ ਸੀ ਜੋ ਉਨ੍ਹਾਂ ਲੋਕਾਂ ਨਾਲ ਸੀ ਜੋ ਉਜਾੜ ਵਿੱਚ ਇਕੱਠੇ ਹੋਏ ਸਨ। ਉਹ ਉਸ ਦੂਤ ਨਾਲ ਸੀ ਜੋ ਉਸ ਨਾਲ ਉਜਾੜ ਵਿੱਚ ਸੀਨਈ ਦੇ ਪਹਾੜ ਉੱਪਰ ਬੋਲਿਆ ਸੀ। ਉਹ ਸਾਡੇ ਪਿਉ ਦਾਦਿਆਂ ਦੇ ਨਾਲ ਸੀ। ਮੂਸਾ ਨੂੰ ਪਰਮੇਸ਼ੁਰ ਵੱਲੋਂ ਜੀਵਨ ਦੇ ਹੁਕਮ ਮਿਲੇ ਭਈ ਸਾਨੂੰ ਸੌਂਪ ਦੇਵੇ।
39“ਪਰ ਸਾਡੇ ਪੁਰਖਿਆਂ ਨੇ ਉਸਦੀ ਪਾਲਾਣਾ ਨਹੀਂ ਕੀਤੀ ਅਤੇ ਉਨ੍ਹਾਂ ਨੇ ਉਸ ਨੂੰ ਨਾਮੰਜ਼ੂਰ ਕਰ ਦਿੱਤਾ। ਉਹ ਦੋਬਾਰਾ ਮਿਸਰ ਵਾਪਿਸ ਜਾਣਾ ਚਾਹੁੰਦੇ ਸਨ। 40ਸਾਡੇ ਪਿਤਰਾਂ ਨੇ ਹਾਰੂਨ ਨੂੰ ਆਖਿਆ, ‘ਮੂਸਾ ਸਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹੈ, ਪਰ ਸਾਨੂੰ ਨਹੀਂ ਪਤਾ ਕਿ ਉਸ ਨੂੰ ਕੀ ਹੋਇਆ ਹੈ। ਇਸ ਲਈ ਸਾਡੇ ਲਈ ਕੋਈ ਅਜਿਹੇ ਦੇਵਤੇ ਬਣਾ ਜੋ ਸਾਡੇ ਅੱਗੇ-ਅੱਗੇ ਚੱਲ ਕੇ ਸਾਨੂੰ ਰਾਹ ਦੱਸਣ।’#ਕੂਚ 32:1 41ਤਦ ਲੋਕਾਂ ਨੇ ਇੱਕ ਵਛੜੇ ਦੀ ਮੂਰਤ ਬਣਾਈ ਅਤੇ ਉਸ ਮੂਰਤ ਦਾ ਬਲੀਦਾਨ ਚੜ੍ਹਾਇਆ ਅਤੇ ਉਹ ਆਪਣੇ ਹੱਥਾਂ ਨਾਲ ਅਜਿਹੀ ਮੂਰਤ ਬਣਾਕੇ ਬੜੇ ਖੁਸ਼ ਸਨ। 42ਪਰ ਪਰਮੇਸ਼ੁਰ ਨੇ ਉਨ੍ਹਾਂ ਦਾ ਵਿਰੋਧ ਕੀਤਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਅਕਾਸ਼ ਵਿੱਚਲੇ ਝੂਠੇ ਦੇਵਤਿਆਂ ਦੀ ਸੈਨਾ ਦੀ ਉਪਾਸਨਾ ਕਰਨ ਤੋਂ ਰੋਕਣਾ ਛੱਡ ਦਿੱਤਾ। ਜਿਵੇਂ ਕਿ ਨਬੀਆਂ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ਪਰਮੇਸ਼ੁਰ ਆਖਦਾ,
‘ਹੇ ਇਸਰਾਏਲ ਦੇ ਲੋਕੋ, ਕੀ ਤੁਸੀਂ ਉਜਾੜ ਵਿੱਚ ਮੇਰੇ ਲਈ ਚਾਲ੍ਹੀਆਂ ਸਾਲਾਂ ਵਾਸਤੇ
ਬਲੀਆਂ ਜਾਂ ਭੇਟਾਵਾਂ ਲਿਆਏ।
43ਤੁਸੀਂ ਮੋਲੋਕ ਦੇ ਤੰਬੂ ਅਤੇ ਆਪਣੇ ਦੇਵੇਤੇ ਰਿਫ਼ਾਨ ਦੇ
ਸਿਤਾਰੇ ਦੇ ਬਿੰਬ ਨੂੰ ਚੁੱਕਿਆ ਸੀ।
ਤੁਸੀਂ ਉਹ ਮੂਰਤਾਂ ਪੂਜਣ ਲਈ ਬਣਾਈਆਂ ਸਨ,
ਇਸ ਲਈ ਮੈਂ ਤੁਹਾਨੂੰ ਬੇਬੀਲੋਨ ਤੋਂ ਪਰ੍ਹੇ ਭੇਜ ਦੇਵਾਂਗਾ।’#ਆਮੋਸ 5:25-27
44“ਉਜਾੜ ਵਿੱਚ ਪਵਿੱਤਰ ਤੰਬੂ ਸਾਡੇ ਪਿਉ ਦਾਦਿਆਂ ਦੇ ਪੁਰਖਿਆਂ ਕੋਲ ਸੀ। ਪਰਮੇਸ਼ੁਰ ਨੇ ਮੂਸਾ ਨੂੰ ਦੱਸਿਆ ਕਿ ਇਹ ਕਿਵੇਂ ਬਨਾਉਣਾ ਹੈ। ਉਸ ਨੇ ਇਸ ਨੂੰ ਬਿਲਕੁਲ ਉਸੇ ਨਮੂਨੇ ਦਾ ਬਣਾਇਆ ਜੋ ਪਰਮੇਸ਼ੁਰ ਨੇ ਉਸ ਨੂੰ ਵਿਖਾਇਆ ਸੀ। 45ਬਾਅਦ ਵਿੱਚ ਯਹੋਸ਼ੁਆ ਨੇ ਦੂਜੇ ਰਾਜਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਲਈ ਸਾਡੇ ਪੁਰਖਿਆਂ ਨੂੰ ਅੱਗੇ ਲਾਇਆ। ਸਾਡੇ ਲੋਕ ਉੱਥੇ ਗਏ ਅਤੇ ਪਰਮੇਸ਼ੁਰ ਨੇ ਉੱਥੋਂ ਦੂਜੇ ਲੋਕਾਂ ਨੂੰ ਬਾਹਰ ਕੱਢਿਆ। ਜਦੋਂ ਸਾਡੇ ਲੋਕ ਇਸ ਨਵੀਂ ਧਰਤੀ ਤੇ ਗਏ, ਤਾਂ ਇਹੋ ਤੰਬੂ ਉਹ ਆਪਣੇ ਨਾਲ ਲੈ ਗਏ। ਸਾਡੇ ਲੋਕਾਂ ਨੂੰ ਇਹ ਤੰਬੂ ਆਪਣੇ ਪਿਤਰਾਂ ਕੋਲੋਂ ਮਿਲਿਆ ਸੀ, ਅਤੇ ਇਹ ਦਾਉਦ ਦੇ ਸਮੇਂ ਤੱਕ ਉਨ੍ਹਾਂ ਕੋਲ ਸੀ। 46ਪਰਮੇਸ਼ੁਰ ਦਾਊਦ ਉੱਪਰ ਬੜਾ ਖੁਸ਼ ਸੀ। ਦਾਊਦ ਨੇ ਯਾਕੂਬ ਦੇ ਪਰਮੇਸ਼ੁਰ ਤੋਂ ਉਸ ਨੂੰ ਇੱਕ ਮੰਦਰ ਬਨਾਉਣ ਦੀ ਆਗਿਆ ਮੰਗੀ। 47ਪਰ ਉਹ ਸੁਲੇਮਾਨ ਹੀ ਸੀ ਜਿਸਨੇ ਪਰਮੇਸ਼ੁਰ ਲਈ ਘਰ ਬਣਾਇਆ।
48“ਪਰ ਅੱਤ ਮਹਾਨ ਪ੍ਰਭੂ ਪਰਮੇਸ਼ੁਰ ਮਨੁੱਖਾਂ ਦੇ ਹੱਥਾਂ ਨਾਲ ਬਣਾਈਆਂ ਹੋਈਆਂ ਇਮਾਰਤਾਂ ਵਿੱਚ ਨਹੀਂ ਰਹਿੰਦੇ। ਇਹੀ ਹੈ ਜੋ ਨਬੀ ਆਖਦੇ ਹਨ:
49‘ਪ੍ਰਭੂ ਆਖਦਾ ਹੈ ਸਵਰਗ ਮੇਰਾ ਸਿੰਘਾਸਣ ਹੈ।
ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ।
ਮੇਰੇ ਵਾਸਤੇ ਤੁਸੀਂ ਕਿਸ ਤਰ੍ਹਾਂ ਦਾ ਘਰ ਬਣਾਵੋਂਗੇ?
ਮੈਂ ਆਰਾਮ ਕਿੱਥੇ ਕਰ ਸੱਕਦਾ ਹਾਂ?
50ਕੀ ਮੈਂ ਉਹੀ ਨਹੀਂ ਹਾਂ ਜਿਸਨੇ ਇਹ ਸਭ ਚੀਜ਼ਾਂ ਬਣਾਈਆਂ।’”#ਯਸਾਯਾਹ 66:1-2
51ਤਦ ਇਸਤੀਫ਼ਾਨ ਨੇ ਕਿਹਾ, “ਹੇ ਹਠੀ ਯਹੂਦੀ ਆਗੂਓ। ਹੇ ਮਨ ਅਤੇ ਕੰਨ ਵੱਲੋਂ ਸੁੰਨ ਲੋਕੋ। ਤੁਸੀਂ ਹਮੇਸ਼ਾ ਪਵਿੱਤਰ ਆਤਮਾ ਦਾ ਵਿਰੋਧ ਕੀਤਾ। ਤੁਸੀਂ ਵੀ ਉਵੇਂ ਹੀ ਕਰ ਰਹੇ ਹੋ ਜਿਵੇਂ ਤੁਹਾਡੇ ਪੁਰਖਿਆਂ ਨੇ ਕੀਤਾ। 52ਤੁਹਾਡੇ ਪੁਰਖਿਆਂ ਨੇ ਸਾਰੇ ਨਬੀਆਂ ਨੂੰ ਜਦੋਂ ਉਹ ਆਏ, ਦੰਡ ਦਿੱਤਾ। ਸਗੋਂ ਉਨ੍ਹਾਂ ਨਬੀਆਂ ਨੇ ਪਹਿਲਾਂ ਹੀ ਕਿਹਾ ਸੀ ਕਿ ਇੱਕ ਧਰਮੀ ਆਵੇਗਾ ਪਰ ਤੁਹਾਡੇ ਪੁਰਖਿਆਂ ਨੇ ਉਸ ਨੂੰ ਮਾਰ ਦਿੱਤਾ। ਅਤੇ ਹੁਣ ਤੁਸੀਂ ਉਸ ਧਰਮੀ ਪੁਰੱਖ ਨੂੰ ਧੋਖਾ ਦਿੱਤਾ ਅਤੇ ਉਸ ਨੂੰ ਮਾਰ ਦਿੱਤਾ ਹੈ। 53ਤੁਸੀਂ ਉਹ ਲੋਕ ਹੋ, ਜਿਨ੍ਹਾਂ ਨੂੰ ਮੂਸਾ ਦੀ ਸ਼ਰ੍ਹਾ ਪ੍ਰਾਪਤ ਹੋਈ। ਪਰਮੇਸ਼ੁਰ ਨੇ ਤੁਹਾਨੂੰ ਇਹ ਸ਼ਰ੍ਹਾ ਦੂਤਾਂ ਦੁਆਰਾ ਦਿੱਤੀ ਪਰ ਤੁਸੀਂ ਉਸਦੀ ਪਾਲਣਾ ਨਾ ਕਰ ਸੱਕੇ।”
ਇਸਤੀਫ਼ਾਨ ਦਾ ਮਾਰਿਆ ਜਾਣਾ
54ਯਹੂਦੀ ਆਗੂਆਂ ਨੇ ਇਸਤੀਫ਼ਾਨ ਨੂੰ ਅਜਿਹੇ ਬਚਨ ਕਰਦੇ ਸੁਣਿਆ ਤਾਂ ਉਹ ਬੜੇ ਕਰੋਧ ਵਿੱਚ ਆਏ। ਉਹ ਇੰਨੇ ਕਰੋਧ ਵਿੱਚ ਆ ਗਏ ਕਿ ਇਸਤੀਫ਼ਾਨ ਉੱਪਰ ਮਾਰੇ ਗੁੱਸੇ ਦੇ ਆਪਣੇ ਦੰਦ ਕਚੀਚਣ ਲੱਗ ਪਏ। 55ਪਰ ਇਸਤੀਫ਼ਾਨ ਨੇ, ਜੋ ਕਿ ਪਵਿੱਤਰ ਆਤਮਾ ਨਾਲ ਭਰਪੂਰ ਸੀ, ਉੱਪਰ ਅਸਮਾਨ ਚ ਪਰਮੇਸ਼ੁਰ ਦੀ ਮਹਿਮਾ ਨੂੰ ਵੇਖਿਆ ਅਤੇ ਉਸ ਨੇ ਯਿਸੂ ਨੂੰ ਪਰਮੇਸ਼ੁਰ ਦੇ ਸੱਜੇ ਪਾਸੇ ਖੜ੍ਹਾ ਵੇਖਿਆ। 56ਉਸ ਨੇ ਆਖਿਆ, “ਵੇਖ, ਮੈਂ ਆਕਾਸ਼ ਨੂੰ ਖੁਲ੍ਹਾ ਵੇਖਿਆ ਹੈ ਅਤੇ ਮੈਂ ਮਨੁੱਖ ਦੇ ਪੁੱਤਰ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਵੱਲ ਖੜ੍ਹਾ ਵੇਖ ਰਿਹਾ ਹਾਂ।”
57ਤਾਂ ਸਾਰੇ ਯਹੂਦੀ ਆਗੂਆਂ ਨੇ ਉੱਚੀ ਆਵਾਜ਼ ਵਿੱਚ ਸ਼ੋਰ ਮਚਾਇਆ। ਉਨ੍ਹਾਂ ਨੇ ਆਪਣੇ ਕੰਨਾਂ ਨੂੰ ਹੱਥਾਂ ਨਾਲ ਬੰਦ ਕਰ ਲਿਆ। ਉਹ ਸਾਰੇ ਇਕੱਠੇ ਹੋਕੇ ਇਸਤੀਫ਼ਾਨ ਵੱਲ ਭੱਜ ਪਏ। 58ਉਨ੍ਹਾਂ ਨੇ ਉਸ ਨੂੰ ਸ਼ਹਿਰੋਂ ਬਾਹਰ ਕੱਢ ਦਿੱਤਾ ਅਤੇ ਉਸ ਨੂੰ ਪੱਥਰ ਮਾਰੇ। ਅਤੇ ਜਿਨ੍ਹਾਂ ਲੋਕਾਂ ਨੇ ਇਸਤੀਫ਼ਾਨ ਦੇ ਵਿਰੁੱਧ ਗਵਾਹੀ ਦਿੱਤੀ ਸੀ, ਉਨ੍ਹਾਂ ਆਪਣੇ ਵਸਤਰ ਇੱਕ ਸੋਲੂਸ ਨਾਂ ਦੇ ਜੁਆਨ ਦੇ ਪੈਰਾਂ ਕੋਲ ਲਾਹ ਕੇ ਰੱਖ ਦਿੱਤੇ। 59ਜਦੋਂ ਇਸਤੀਫ਼ਾਨ ਤੇ ਪੱਥਰਾਵ ਕਰ ਰਹੇ ਸਨ, ਉਸ ਨੇ ਇਹ ਆਖਦਿਆਂ ਹੋਇਆਂ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ, “ਹੇ ਪ੍ਰਭੂ ਯਿਸੂ ਮੇਰੇ ਆਤਮਾ ਨੂੰ ਸਵੀਕਾਰ ਕਰ ਲੈ।” 60ਉਹ ਆਪਣੇ ਗੋਡੇ ਟੇਕ ਕੇ ਉੱਚੀ ਬੋਲਿਆ, “ਹੇ ਪ੍ਰਭੂ। ਇਹ ਪਾਪ ਉਨ੍ਹਾਂ ਦੇ ਜੁੰਮੇ ਨਾ ਲਾਵੀ।” ਇਹ ਆਖਣ ਤੋਂ ਬਾਅਦ ਉਹ ਮਰ ਗਿਆ।
Currently Selected:
ਰਸੂਲਾਂ ਦੇ ਕਰਤੱਬ 7: PERV
Highlight
Share
Copy
Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International