ਰਸੂਲਾਂ ਦੇ ਕਰਤੱਬ 4
4
ਪਤਰਸ ਅਤੇ ਯੂਹੰਨਾ ਯਹੂਦੀ ਸਭਾ ਅੱਗੇ ਪੇਸ਼ ਹੋਏ
1ਜਦੋਂ ਪਤਰਸ ਅਤੇ ਯੂਹੰਨਾ ਲੋਕਾਂ ਨਾਲ ਗੱਲਾਂ ਕਰ ਰਹੇ ਸਨ, ਤਾਂ ਕੁਝ ਲੋਕ ਉਨ੍ਹਾਂ ਕੋਲ ਆਏ। ਉੱਥੇ ਕੁਝ ਯਹੂਦੀ ਜਾਜਕ, ਕੁਝ ਸਿਪਾਹੀਆਂ ਦੇ ਕਪਤਾਨ ਜੋ ਮੰਦਰ ਦੀ ਦੇਖਭਾਲ ਕਰਦੇ ਸਨ ਅਤੇ ਕੁਝ ਸਦੂਕੀ ਸਨ। 2ਉਹ ਪਰੇਸ਼ਾਨ ਸਨ, ਕਿਉਂਕਿ ਪਤਰਸ ਅਤੇ ਯੂਹੰਨਾ ਉਪਦੇਸ਼ ਦੇ ਰਹੇ ਸਨ ਕਿ ਯਿਸੂ ਲੋਕਾਂ ਨੂੰ ਮੁਰਦਿਆਂ ਤੋਂ ਜਿਵਾਲੇਗਾ। 3ਯਹੂਦੀ ਆਗੂਆਂ ਨੇ ਪਤਰਸ ਅਤੇ ਯੂਹੰਨਾ ਨੂੰ ਫ਼ੜਕੇ ਕੈਦ ਕਰ ਦਿੱਤਾ। ਕਿਉਂਕਿ ਅੱਗੇ ਹੀ ਰਾਤ ਦਾ ਵਕਤ ਹੋ ਚੁੱਕਾ ਸੀ ਇਸ ਲਈ ਅਗਲੇ ਦਿਨ ਤੱਕ ਉਨ੍ਹਾਂ ਨੇ ਪਤਰਸ ਅਤੇ ਯੂਹੰਨਾ ਨੂੰ ਜੇਲ ਵਿੱਚ ਹੀ ਕੈਦ ਰਹਿਣ ਦਿੱਤਾ। 4ਪਰ ਉਨ੍ਹਾਂ ਵਿੱਚੋਂ, ਜਿਨ੍ਹਾਂ ਨੇ ਵਚਨ ਸੁਣਿਆ ਸੀ, ਬਹੁਤਿਆਂ ਨੇ ਉਨ੍ਹਾਂ ਤੇ ਵਿਸ਼ਵਾਸ ਕੀਤਾ। ਹੁਣ ਨਿਹਚਾਵਾਨਾਂ ਦੇ ਸਮੂਹ ਵਿੱਚ ਪੰਜ ਹਜ਼ਾਰ ਆਦਮੀ ਸਨ।
5ਅਗਲੇ ਦਿਨ ਯਹੂਦੀ ਆਗੂ, ਬਜ਼ੁਰਗ ਯਹੂਦੀ ਆਗੂ ਅਤੇ ਨੇਮ ਦੇ ਉਪਦੇਸ਼ਕ ਯਰੂਸ਼ਲਮ ਵਿੱਚ ਇਕੱਠੇ ਹੋਏ। 6ਅੰਨਾਸ ਸਰਦਾਰ ਜਾਜਕ, ਕਯਾਫ਼ਾ ਅਤੇ ਯੂਹੰਨਾ, ਸਿਕੰਦਰ ਅਤੇ ਜਿੰਨੇ ਵੀ ਹੋਰ ਸਰਦਾਰ ਜਾਜਕਾਂ ਦੇ ਪਰਿਵਾਰ ਵਿੱਚੋਂ ਸਨ, ਉਹ ਸਭ ਉੱਥੇ ਇੱਕਤਰ ਸੀ। 7ਤਾਂ ਉਨ੍ਹਾਂ ਨੇ ਪਤਰਸ ਅਤੇ ਯੂਹਾਂਨਾ ਨੂੰ ਸਾਰਿਆਂ ਲੋਕਾਂ ਸਾਹਮਣੇ ਪੇਸ਼ ਕੀਤਾ ਅਤੇ ਪੁੱਛਿਆ, “ਕਿਸ ਸ਼ਕਤੀ ਜਾਂ ਕਿਸਦੇ ਨਾਂ ਤੇ ਤੁਸੀਂ ਇਹ ਕੀਤਾ?”
8ਤਦ ਪਤਰਸ, ਇੱਕਦੱਮ ਪਵਿੱਤਰ ਆਤਮਾ ਨਾਲ ਭਰਿਆ, ਉਨ੍ਹਾਂ ਨੂੰ ਕਹਿਣ ਲੱਗਾ, “ਹੇ ਕੌਮ ਦੇ ਆਗੂਓ ਅਤੇ ਲੋਕਾਂ ਦੇ ਬਜ਼ੁਰਗ ਆਗੂਓ। 9ਕੀ ਤੁਸੀਂ ਸਾਨੂੰ ਇਸ ਲੰਗੜ੍ਹੇ ਆਦਮੀ ਤੇ ਕੀਤੇ ਇਸ ਭਲੇ ਕੰਮ ਲਈ, ਸਵਾਲ ਕਰ ਰਹੇ ਹੋ ਕਿ ਉਸ ਨੂੰ ਕਿਸ ਨੇ ਚੰਗਾ ਕੀਤਾ? 10ਕਿਉਂਕਿ ਅਸੀਂ ਚਾਹੁੰਦੇ ਹਾ ਕਿ ਤੁਹਾਨੂੰ ਸਭ ਨੂੰ ਅਤੇ ਸਾਰੇ ਯਹੂਦੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਲੰਗੜਾ ਆਦਮੀ ਨਾਸਰਤ ਦੇ ਯਿਸੂ ਮਸੀਹ ਦੀ ਸ਼ਕਤੀ ਨਾਲ ਠੀਕ ਹੋਇਆ ਹੈ। ਉਹੀ ਯਿਸੂ ਜਿਸ ਨੂੰ ਤੁਸੀਂ ਸੂਲੀ ਚਾੜ੍ਹਿਆ ਸੀ। ਪਰਮੇਸ਼ੁਰ ਨੇ ਉਸੇ ਨੂੰ ਮੁਰਦਿਆਂ ਚੋ ਜਿਵਾਇਆ ਹੈ। ਇਹ ਆਦਮੀ ਲੰਗੜਾ ਸੀ ਪਰ ਹੁਣ ਚੱਲ ਸੱਕਦਾ ਹੈ। ਹੁਣ ਉਹ ਯਿਸੂ ਦੀ ਸ਼ਕਤੀ ਨਾਲ ਤੁਹਾਡੇ ਸਾਹਮਣੇ ਖੜ੍ਹਾ ਹੋਣ ਦੇ ਯੋਗ ਹੈ। 11ਯਿਸੂ, ਉਹੀ
‘ਪੱਥਰ ਹੈ ਜਿਸ ਨੂੰ ਤੁਹਾਡੇ, ਰਾਜਾਂ ਦੁਆਰਾ ਰੱਦ ਕੀਤਾ ਗਿਆ ਸੀ
ਪਰ ਉਹੀ ਪੱਥਰ ਹੁਣ ਖੂਜੇ ਦਾ ਪੱਥਰ ਹੋ ਗਿਆ ਹੈ।’#ਜ਼ਬੂਰ 118:22
12ਯਿਸੂ ਹੀ ਅਜਿਹਾ ਹੈ ਜੋ ਲੋਕਾਂ ਨੂੰ ਬਚਾ ਸੱਕਦਾ ਹੈ। ਉਸਦਾ ਨਾਂ ਹੀ ਪੂਰੇ ਸੰਸਾਰ ਵਿੱਚ ਇੱਕਲੀ ਸ਼ਕਤੀ ਹੈ ਜੋ ਲੋਕਾਂ ਨੂੰ ਬਚਾ ਸੱਕਦੀ ਹੈ। ਸਾਨੂੰ ਉਸ ਦੇ ਨਾਂ ਰਾਹੀਂ ਬਚਾਇਆ ਜਾਣਾ ਚਾਹੀਦਾ ਹੈ।”
13ਯਹੂਦੀ ਆਗੂ ਸਮਝ ਗਏ ਕਿ ਪਤਰਸ ਅਤੇ ਯੂਹੰਨਾ ਕੋਲ ਕੋਈ ਵਿਸ਼ੇਸ਼ ਸਿੱਖਿਆ ਜਾਂ ਸਿਖਲਾਈ ਨਹੀਂ ਸੀ। ਪਰ ਉਹ ਇਹ ਵੀ ਜਾਣ ਗਏ ਕਿ ਉਹ ਖੁਲ੍ਹੇ ਆਮ ਬੋਲੇ ਸਨ। ਇਸ ਲਈ ਆਗੂ ਹੈਰਾਨ ਸਨ। ਉਹ ਜਾਣਦੇ ਸਨ ਕਿ ਪਤਰਸ ਅਤੇ ਯੂਹੰਨਾ ਯਿਸੂ ਦੇ ਨਾਲ ਸਨ। 14ਉਹ ਉਸ ਮਨੁੱਖ ਦੀ ਹਾਜ਼ਰੀ ਵਿੱਚ, ਜੋ ਚੰਗਾ ਹੋਇਆ ਸੀ, ਉਨ੍ਹਾਂ ਦੋ ਰਸੂਲਾਂ ਦੇ ਖਿਲਾਫ਼ ਕੁਝ ਨਾ ਆਖ ਸੱਕੇ। ਉਹ ਉੱਥੇ ਰਸੂਲਾਂ ਦੇ ਨਾਲ ਖੜ੍ਹਾ ਸੀ। 15ਤਾਂ ਯਹੂਦੀ ਆਗੂਆਂ ਨੇ ਉਨ੍ਹਾਂ ਨੂੰ ਸਭਾ ਚੋਂ ਬਾਹਰ ਜਾਣ ਨੂੰ ਕਿਹਾ। ਉਨ੍ਹਾਂ ਦੇ ਜਾਣ ਤੋ ਬਾਅਦ, ਇਹ ਆਗੂ ਵਿੱਚਾਰ ਕਰਨ ਲੱਗੇ। 16ਉਹ ਕਹਿਣ ਲੱਗੇ, “ਸਾਨੂੰ ਇਨ੍ਹਾਂ ਨਾਲ ਕੀ ਕਰਨਾ ਚਾਹੀਦਾ ਹੈ? ਯਰੂਸ਼ਲਮ ਵਿੱਚ ਸਾਰੇ ਲੋਕ ਜਾਣਦੇ ਹਨ ਕਿ ਇਨ੍ਹਾਂ ਨੇ ਇੰਨਾ ਵੱਡਾ ਕਰਿਸ਼ਮਾ ਕੀਤਾ ਹੈ। ਇਹ ਗੱਲ ਤਾਂ ਬਿਲਕੁਲ ਸਾਫ਼ ਹੈ ਜਿਸ ਨੂੰ ਅਸੀਂ ਝੁਠਲਾ ਨਹੀਂ ਸੱਕਦੇ। 17ਪਰ ਸਾਨੂੰ ਇਨ੍ਹਾਂ ਨੂੰ ਲੋਕਾਂ ਵਿੱਚ ਹੋਰ ਵੱਧੇਰੇ ਫ਼ੈਲਣ ਤੋਂ ਰੋਕਣਾ ਚਾਹੀਦਾ ਹੈ, ਇਸ ਲਈ ਆਉ ਅਸੀਂ ਉਨ੍ਹਾਂ ਨੂੰ ਧਮਕਾਈਏ। ਫ਼ੇਰ ਉਹ ਯਿਸੂ ਬਾਰੇ ਹੋਰ ਕਿਸੇ ਨੂੰ ਨਹੀਂ ਬੋਲਣਗੇ।”
18ਤਾਂ ਯਹੂਦੀ ਆਗੂਆਂ ਨੇ ਮੁੜ ਉਨ੍ਹਾਂ ਰਸੂਲਾਂ ਨੂੰ ਅੰਦਰ ਬੁਲਵਾਇਆ। ਉਨ੍ਹਾਂ ਨੇ ਉਨ੍ਹਾਂ ਨੂੰ ਫ਼ੇਰ ਕਦੀ ਵੀ ਯਿਸੂ ਦੇ ਨਾਂ ਤੇ ਕੁਝ ਨਾ ਬੋਲਣ ਅਤੇ ਉਪਦੇਸ਼ ਨਾ ਦੇਣ ਲਈ ਕਿਹਾ। 19ਪਰ ਪਤਰਸ ਤੇ ਯੂਹੰਨਾ ਨੇ ਉਨ੍ਹਾਂ ਆਗੂਆਂ ਨੂੰ ਜਵਾਬ ਦਿੱਤਾ, “ਤੁਹਾਡੇ ਅਨੁਸਾਰ ਕੀ ਠੀਕ ਹੈ? ਪਰਮੇਸ਼ੁਰ ਕੀ ਚਾਹੇਗਾ? ਕੀ ਅਸੀਂ ਪਰਮੇਸ਼ੁਰ ਨੂੰ ਮੰਨੀਏ ਜਾ ਤੁਹਾਨੂੰ? 20ਅਸੀਂ ਚੁੱਪ ਨਹੀਂ ਰਹਿ ਸੱਕਦੇ। ਅਸੀਂ ਜੋ ਕੁਝ ਵੇਖਿਆ ਤੇ ਸੁਣਿਆ ਹੈ ਉਹ ਸਾਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ।”
21-22ਯਹੂਦੀ ਆਗੂਆਂ ਨੂੰ ਰਸੂਲਾਂ ਨੂੰ ਸਜ਼ਾ ਦੇਣ ਦਾ ਕੋਈ ਰਾਹ ਨਾ ਲੱਭਿਆ, ਕਿਉਂਕਿ ਜੋ ਕੁਝ ਵਾਪਰਿਆ ਸੀ ਉਸ ਲਈ ਸਭ ਲੋਕ ਪਰਮੇਸ਼ੁਰ ਦੀ ਉਸਤਤਿ ਕਰ ਰਹੇ ਸਨ। ਇਹ ਕਰਿਸ਼ਮਾ ਪਰਮੇਸ਼ੁਰ ਵੱਲੋਂ ਇੱਕ ਸਬੂਤ ਵਜੋਂ ਦਿੱਤਾ ਗਿਆ ਸੀ। ਜਿਹੜਾ ਲੰਗੜਾ ਮਨੁੱਖ ਚੰਗਾ ਕੀਤਾ ਗਿਆ ਸੀ ਉਸਦੀ ਉਮਰ ਚਾਲੀ ਸਾਲਾਂ ਤੋਂ ਵੱਧ ਸੀ। ਇਸ ਲਈ ਯਹੂਦੀ ਆਗੂਆਂ ਨੇ ਰਸੂਲਾਂ ਨੂੰ ਧਮਕਾਇਆ ਅਤੇ ਉਨ੍ਹਾਂ ਨੂੰ ਜਾਣ ਦਿੱਤਾ।
ਪਤਰਸ ਅਤੇ ਯੂਹੰਨਾ ਨਿਹਚਾਵਾਨਾਂ ਕੋਲ ਪਰਤੇ
23ਪਤਰਸ ਅਤੇ ਯੂਹੰਨਾ ਯਹੂਦੀ ਆਗੂਆਂ ਦੀ ਸਭਾ ਛੱਡ ਕੇ ਮੁੜ ਆਪਣੀ ਮੰਡਲੀ ਵਿੱਚ ਵਾਪਸ ਆਏ। ਉਨ੍ਹਾਂ ਨੇ ਉਹ ਸਭ ਕੁਝ ਉਨ੍ਹਾਂ ਨੂੰ ਕਿਹਾ, ਜੋ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਯਹੂਦੀ ਆਗੂਆਂ ਨੇ ਉਨ੍ਹਾਂ ਨੂੰ ਆਖਿਆ ਸੀ, 24ਜਦੋਂ ਨਿਹਚਾਵਾਨਾਂ ਨੇ ਇਹ ਸਭ ਸੁਣਿਆ ਤਾਂ ਉਨ੍ਹਾਂ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ, “ਹੇ ਸੁਵਾਮੀ, ਤੂੰ ਹੀ ਹੈਂ ਜਿਸਨੇ ਅਕਾਸ਼, ਧਰਤੀ, ਸਮੁੰਦਰ ਅਤੇ ਉਨ੍ਹਾਂ ਵਿੱਚਲਾ ਸਭ ਕੁਝ ਬਣਾਇਆ ਹੈ। 25ਸਾਡੇ ਪੂਰਵਜ, ਦਾਊਦ, ਤੇਰੇ ਸੇਵਕ ਸਨ। ਪਵਿੱਤਰ ਆਤਮਾ ਦੀ ਸ਼ਕਤੀ ਨਾਲ ਉਨ੍ਹਾਂ ਨੇ ਇਹ ਸ਼ਬਦ ਲਿਖੇ;
‘ਕੌਮਾਂ ਕਿਸ ਲਈ ਰੌਲਾ ਪਾ ਰਹੀਆਂ ਹਨ?
ਦੁਨੀਆਂ ਦੇ ਲੋਕ ਪਰਮੇਸ਼ੁਰ ਦੇ ਵਿਰੁੱਧ ਫ਼ਿਜ਼ੂਲ ਵਿਉਂਤਾਂ ਕਿਉਂ ਕਰ ਰਹੇ ਹਨ?
26‘ਧਰਤੀ ਦੇ ਰਾਜਿਆਂ ਨੇ ਲੜਨ ਲਈ ਤਿਆਰੀ ਕੀਤੀ
ਅਤੇ ਸਾਰੇ ਹਾਕਮ ਪ੍ਰਭੂ ਅਤੇ ਉਸ ਦੇ ਮਸੀਹ ਦੇ ਵਿਰੁੱਧ ਇਕੱਠੇ ਹੋਕੇ ਆਏ।’#ਜ਼ਬੂਰ 2:1-2
27ਯਿਸੂ ਤੇਰਾ ਪਵਿੱਤਰ ਸੇਵਕ ਹੈ ਤੇ ਤੂੰ ਉਸ ਨੂੰ ਮਸੀਹ ਬਣਾਇਆ। ਪਰ ਇਹ ਸਭ ਉਦੋਂ ਵਾਪਰਿਆ ਜਦੋਂ ਹੇਰੋਦੇਸ ਅਤੇ ਪੁੰਤਿਯੁਸ ਪਿਲਾਤੁਸ, ਪਰਾਈਆਂ ਕੌਮਾਂ ਅਤੇ ਇਸਰਾਏਲ ਦੇ ਸਾਰੇ ਲੋਕ ਯਿਸੂ ਦੇ ਵਿਰੁੱਧ ਯਰੂਸ਼ਲਮ ਵਿੱਚ ਇਕੱਠੇ ਹੋਏ ਸਨ। 28ਇਨ੍ਹਾਂ ਲੋਕਾਂ ਨੇ, ਜੋ ਯਿਸੂ ਦੇ ਵਿਰੁੱਧ ਇੱਕਤਰ ਹੋਕੇ ਆਏ, ਸਾਰੀਆਂ ਗੱਲਾਂ ਨੂੰ ਵਾਪਰਨ ਦਿੱਤਾ ਜਿਨ੍ਹਾਂ ਨੂੰ ਤੇਰੀ ਸ਼ਕਤੀ ਅਤੇ ਸਿਆਣਪ ਨੇ ਪਹਿਲਾਂ ਹੀ ਵਿਉਂਤਿਆ ਹੋਇਆ ਸੀ। 29ਅਤੇ ਹੁਣ, ਪ੍ਰਭੂ ਸੁਣ। ਉਹ ਕੀ ਆਖ ਰਹੇ ਹਨ। ਉਹ ਸਾਨੂੰ ਡ੍ਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੇ ਪ੍ਰਭੂ। ਅਸੀਂ ਤੇਰੇ ਸੇਵਕ ਹਾਂ। ਤੇਰਾ ਸੰਦੇਸ਼ ਨਿਡਰ ਹੋਕੇ ਬੋਲਣ ਵਿੱਚ ਸਾਡੀ ਮਦਦ ਕਰ। 30ਸਾਨੂੰ ਆਪਣੀ ਸ਼ਕਤੀ ਦਿਖਾ ਕੇ, ਨਿਡਰ ਬਣਾ; ਰੋਗੀਆਂ ਨੂੰ ਚੰਗਾ ਕਰ, ਨਿਸ਼ਾਨੀਆਂ ਵਿਖਾ; ਅਤੇ ਆਪਣੇ ਪਵਿੱਤਰ ਸੇਵਕ ਯਿਸੂ ਦੀ ਸ਼ਕਤੀ ਨਾਲ ਸ਼ਕਤੀਸ਼ਾਲੀ ਕਰਿਸ਼ਮੇ ਵਿਖਾ।”
31ਜਦੋਂ ਨਿਹਚਾਵਾਨ ਪ੍ਰਾਰਥਨਾ ਕਰ ਹਟੇ ਤਾਂ ਉਹ ਜਗ਼੍ਹਾ ਜਿੱਥੇ ਉਨ੍ਹਾਂ ਨੇ ਪ੍ਰਾਰਥਨਾ ਕੀਤੀ ਸੀ, ਕੰਬ ਗਈ ਤੇ ਉਹ ਸਾਰੇ ਇੱਕ ਦਮ ਪਵਿੱਤਰ ਆਤਮਾ ਨਾਲ ਭਰਪੂਰ ਹੋ ਗਏ। ਉਦੋਂ ਤੋਂ, ਉਹ ਨਿਡਰਤਾ ਨਾਲ ਪਰਮੇਸ਼ੁਰ ਦਾ ਸੰਦੇਸ਼ ਫ਼ੈਲਾਉਂਦੇ ਰਹੇ।
ਨਿਹਚਾਵਾਨਾਂ ਦਾ ਸਭ ਨਾਲ ਸਾਂਝਾ ਕਰਨਾ
32ਨਿਹਚਾਵਾਨਾਂ ਦੀ ਮੰਡਲੀ, ਇੱਕ ਦਿਲ ਅਤੇ ਇੱਕ ਜਾਨ ਸਨ। ਕਿਸੇ ਨੇ ਵੀ ਜਿਹੜੀਆਂ ਚੀਜ਼ਾਂ ਉਨ੍ਹਾਂ ਕੋਲ ਸਨ, ਉਨ੍ਹਾਂ ਵਿੱਚੋਂ ਕਿਸੇ ਵੀ ਚੀਜ਼ ਨੂੰ ਆਪਣੀ ਨਹੀਂ ਆਖਿਆ ਸੀ ਸਗੋਂ ਉਹ ਸਭ ਕੁਝ ਵੰਡਕੇ ਵਰਤਦੇ ਸਨ। 33ਅਤੇ ਰਸੂਲ ਵੱਡੀ ਸ਼ਕਤੀ ਨਾਲ ਪ੍ਰਭੂ ਯਿਸੂ ਦੇ ਮੌਤ ਤੋਂ ਪੁਨਰ ਜੀਵਤ ਹੋਣ ਬਾਰੇ ਦੱਸਦੇ ਸਨ ਅਤੇ ਉਨ੍ਹਾਂ ਸਾਰੇ ਨਿਹਚਾਵਾਨਾਂ ਉਪਰ ਪਰਮੇਸ਼ੁਰ ਦੀ ਵੱਡੀ ਅਸੀਸ ਸੀ। 34ਜੋ ਕੁਝ ਉਨ੍ਹਾਂ ਨੂੰ ਚਾਹੀਦਾ ਸੀ ਉਨ੍ਹਾਂ ਨੂੰ ਮਿਲ ਗਿਆ। ਉਨ੍ਹਾਂ ਨੇ, ਜਿਹੜੇ ਜ਼ਮੀਨਾਂ ਅਤੇ ਘਰਾਂ ਦੇ ਮਾਲਕ ਸਨ, ਆਪਣੀਆਂ ਜਇਦਾਦਾਂ ਵੇਚ ਦਿੱਤੀਆਂ। 35ਅਤੇ ਧਨ ਰਸੂਲਾਂ ਨੂੰ ਦੇ ਦਿੱਤਾ ਅਤੇ ਫ਼ਿਰ ਇਹ ਧਨ ਲੋਕਾਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਦਿੱਤਾ ਗਿਆ ਸੀ।
36ਇੱਕ ਨਿਹਚਾਵਾਨ ਜਿਸ ਦਾ ਨਾਂ ਯੂਸੁਫ਼ ਸੀ, ਰਸੂਲਾਂ ਨੇ ਉਸ ਨੂੰ ਬਰਨਬਾਸ ਨਾਉਂ ਦਿੱਤਾ। ਭਾਵ, “ਜਿਹੜਾ ਦੂਜਿਆਂ ਦੀ ਮਦਦ ਕਰੇ।” ਉਹ ਸੈਪਰਸ ਦਾ ਜੰਮਿਆ ਸੀ, ਉਹ ਲੇਵੀ ਸੀ। 37ਯੂਸੁਫ਼ ਕੋਲ ਕੁਝ ਜ਼ਮੀਨ ਸੀ, ਜਿਸ ਨੂੰ ਉਸ ਨੇ ਵੇਚਿਆ ਅਤੇ ਪੈਸੇ ਵੱਟਕੇ ਰਸੂਲਾਂ ਨੂੰ ਦੇ ਦਿੱਤੇ।
Currently Selected:
ਰਸੂਲਾਂ ਦੇ ਕਰਤੱਬ 4: PERV
Highlight
Share
Copy
Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International