YouVersion Logo
Search Icon

ਹਿਜ਼ਕੀਏਲ 25

25
ਅੰਮੋਨ ਦੇ ਵਿਰੁੱਧ ਇੱਕ ਭਵਿੱਖਬਾਣੀ
1ਮੇਰੇ ਕੋਲ ਯਾਹਵੇਹ ਦਾ ਬਚਨ ਆਇਆ: 2“ਹੇ ਮਨੁੱਖ ਦੇ ਪੁੱਤਰ, ਅੰਮੋਨੀਆਂ ਵੱਲ ਆਪਣਾ ਮੂੰਹ ਕਰ ਕੇ ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ। 3ਉਹਨਾਂ ਨੂੰ ਆਖੋ, ‘ਸਰਬਸ਼ਕਤੀਮਾਨ ਪ੍ਰਭੂ ਯਾਹਵੇਹ ਦਾ ਬਚਨ ਸੁਣੋ। ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: ਕਿਉਂਕਿ ਤੂੰ ਕਿਹਾ ਸੀ “ਆਹਾ!” ਮੇਰੇ ਪਵਿੱਤਰ ਅਸਥਾਨ ਉੱਤੇ ਜਦੋਂ ਉਹ ਅਪਵਿੱਤਰ ਕੀਤਾ ਗਿਆ ਸੀ, ਅਤੇ ਇਸਰਾਏਲ ਦੀ ਧਰਤੀ ਉੱਤੇ ਜਦੋਂ ਉਹ ਉਜਾੜਿਆ ਗਿਆ ਸੀ ਅਤੇ ਯਹੂਦਾਹ ਦੇ ਲੋਕਾਂ ਉੱਤੇ ਜਦੋਂ ਉਹ ਗ਼ੁਲਾਮੀ ਵਿੱਚ ਗਏ ਸਨ, 4ਇਸ ਲਈ ਮੈਂ ਤੁਹਾਨੂੰ ਪੂਰਬ ਦੇ ਲੋਕਾਂ ਨੂੰ ਇੱਕ ਮਲਕੀਅਤ ਵਜੋਂ ਦੇ ਰਿਹਾ ਹਾਂ। ਉਹ ਤੁਹਾਡੇ ਵਿੱਚ ਆਪਣੇ ਡੇਰੇ ਲਾਉਣਗੇ ਅਤੇ ਆਪਣੇ ਤੰਬੂ ਲਾਉਣਗੇ। ਉਹ ਤੁਹਾਡਾ ਫਲ ਖਾਣਗੇ ਅਤੇ ਤੁਹਾਡਾ ਦੁੱਧ ਪੀਣਗੇ। 5ਮੈਂ ਰਬਾਹ ਨੂੰ ਊਠਾਂ ਦੀ ਚਰਾਗਾਹ ਵਿੱਚ ਅਤੇ ਅੰਮੋਨ ਨੂੰ ਭੇਡਾਂ ਦੇ ਆਰਾਮ ਦੀ ਥਾਂ ਵਿੱਚ ਬਦਲ ਦਿਆਂਗਾ। ਤਦ ਤੁਸੀਂ ਜਾਣੋਗੇ ਕਿ ਮੈਂ ਯਾਹਵੇਹ ਹਾਂ। 6ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਇਸ ਲਈ ਕਿ ਤੁਸੀਂ ਤਾੜੀਆਂ ਵਜਾਈਆਂ ਅਤੇ ਆਪਣੇ ਪੈਰ ਧਰਤੀ ਤੇ ਮਾਰੇ ਅਤੇ ਇਸਰਾਏਲ ਦੀ ਭੂਮੀ ਲਈ ਜਾਨ ਨਾਲ ਸਾਰੀ ਨਿਆਦਰੀ ਕਰ ਕੇ ਅਨੰਦ ਹੋਏ, 7ਇਸ ਲਈ ਮੈਂ ਆਪਣਾ ਹੱਥ ਇਸਰਾਏਲ ਦੇ ਵਿਰੁੱਧ ਵਧਾਵਾਂਗਾ ਅਤੇ ਤੈਨੂੰ ਕੌਮਾਂ ਦੇ ਹੱਥਾਂ ਵਿੱਚ ਲੁੱਟਣ ਦੇ ਲਈ ਦੇ ਦੇਵਾਂਗਾ। ਮੈਂ ਤੈਨੂੰ ਕੌਮਾਂ ਵਿੱਚੋਂ ਮਿਟਾ ਦਿਆਂਗਾ ਅਤੇ ਦੇਸ਼ਾਂ ਵਿੱਚੋਂ ਤੈਨੂੰ ਖ਼ਤਮ ਕਰ ਦਿਆਂਗਾ। ਮੈਂ ਤੈਨੂੰ ਤਬਾਹ ਕਰ ਦਿਆਂਗਾ, ਅਤੇ ਤੁਸੀਂ ਜਾਣੋਗੇ ਕਿ ਮੈਂ ਯਾਹਵੇਹ ਹਾਂ।’ ”
ਮੋਆਬ ਦੇ ਵਿਰੁੱਧ ਇੱਕ ਭਵਿੱਖਬਾਣੀ
8“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿਉਂਕਿ ਮੋਆਬ ਅਤੇ ਸੇਈਰ ਨੇ ਆਖਿਆ, “ਵੇਖੋ, ਯਹੂਦਾਹ ਹੋਰ ਸਾਰੀਆਂ ਕੌਮਾਂ ਵਰਗਾ ਹੋ ਗਿਆ ਹੈ,” 9ਇਸ ਲਈ ਵੇਖ, ਮੈਂ ਮੋਆਬ ਦੇ ਪਾਸੇ ਨੂੰ ਇਹਨਾਂ ਸ਼ਹਿਰਾਂ ਤੋਂ, ਉਹ ਦੇ ਹੱਦਾਂ ਵਾਲਿਆਂ ਸ਼ਹਿਰਾਂ ਤੋਂ ਜਿਹੜੇ ਧਰਤੀ ਦੀ ਵਡਿਆਈ ਹਨ, ਅਰਥਾਤ ਬੈਤ ਯਸ਼ੀਮੋਥ, ਬਆਲ-ਮਓਨ ਅਤੇ ਕਿਰਯਾਤਾਇਮ, ਖੋਲ੍ਹ ਦਿਆਂਗਾ। 10ਮੈਂ ਅੰਮੋਨੀਆਂ ਸਮੇਤ ਮੋਆਬ ਨੂੰ ਪੂਰਬ ਦੇ ਲੋਕਾਂ ਨੂੰ ਦੇਵਾਂਗਾ, ਤਾਂ ਜੋ ਅੰਮੋਨੀਆਂ ਨੂੰ ਕੌਮਾਂ ਵਿੱਚ ਚੇਤੇ ਨਾ ਕੀਤਾ ਜਾਵੇ; 11ਅਤੇ ਮੈਂ ਮੋਆਬ ਨੂੰ ਸਜ਼ਾ ਦਿਆਂਗਾ। ਤਦ ਉਹ ਜਾਣ ਲੈਣਗੇ ਕਿ ਮੈਂ ਹੀ ਯਾਹਵੇਹ ਹਾਂ।’ ”
ਅਦੋਮ ਦੇ ਵਿਰੁੱਧ ਇੱਕ ਭਵਿੱਖਬਾਣੀ
12“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿਉਂਕਿ ਅਦੋਮ ਨੇ ਯਹੂਦਾਹ ਤੋਂ ਬਦਲਾ ਲਿਆ ਅਤੇ ਅਜਿਹਾ ਕਰਕੇ ਉਹ ਬਹੁਤ ਦੋਸ਼ੀ ਹੋ ਗਿਆ, 13ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਅਦੋਮ ਦੇ ਵਿਰੁੱਧ ਆਪਣਾ ਹੱਥ ਵਧਾਵਾਂਗਾ ਅਤੇ ਆਦਮੀ ਅਤੇ ਜਾਨਵਰ ਦੋਵਾਂ ਨੂੰ ਮਾਰ ਦੇਵੇਗਾ। ਮੈਂ ਉਹ ਨੂੰ ਬਰਬਾਦ ਕਰ ਦਿਆਂਗਾ, ਅਤੇ ਤੇਮਾਨ ਤੋਂ ਦਦਾਨ ਤੱਕ ਉਹ ਤਲਵਾਰ ਨਾਲ ਡਿੱਗਣਗੇ। 14ਮੈਂ ਆਪਣੀ ਪਰਜਾ ਇਸਰਾਏਲ ਦੇ ਹੱਥੋਂ ਅਦੋਮ ਤੋਂ ਬਦਲਾ ਲਵਾਂਗਾ, ਅਤੇ ਉਹ ਮੇਰੇ ਕ੍ਰੋਧ ਅਤੇ ਕਹਿਰ ਦੇ ਅਨੁਸਾਰ ਅਦੋਮ ਨਾਲ ਪੇਸ਼ ਆਉਣਗੇ। ਉਹ ਮੇਰੇ ਬਦਲੇ ਨੂੰ ਜਾਣ ਲੈਣਗੇ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’ ”
ਫ਼ਲਿਸਤੀਆਂ ਦੇ ਵਿਰੁੱਧ ਇੱਕ ਭਵਿੱਖਬਾਣੀ
15“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿਉਂਕਿ ਫ਼ਲਿਸਤੀਆਂ ਨੇ ਬਦਲਾ ਲਿਆ ਅਤੇ ਆਪਣੇ ਦਿਲਾਂ ਵਿੱਚ ਨਫ਼ਰਤ ਨਾਲ ਬਦਲਾ ਲਿਆ ਅਤੇ ਪੁਰਾਣੀ ਦੁਸ਼ਮਣੀ ਨਾਲ ਯਹੂਦਾਹ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ, 16ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਫ਼ਲਿਸਤੀਆਂ ਦੇ ਵਿਰੁੱਧ ਆਪਣਾ ਹੱਥ ਵਧਾਉਣ ਵਾਲਾ ਹਾਂ, ਅਤੇ ਮੈਂ ਕਰੇਤੀਆਂ ਨੂੰ ਮਿਟਾ ਦਿਆਂਗਾ ਅਤੇ ਸਮੁੰਦਰੀ ਕੰਢੇ ਦੇ ਬਾਕੀ ਬਚੇ ਲੋਕਾਂ ਨੂੰ ਤਬਾਹ ਕਰ ਦਿਆਂਗਾ। 17ਮੈਂ ਉਹਨਾਂ ਤੋਂ ਵੱਡਾ ਬਦਲਾ ਲਵਾਂਗਾ ਅਤੇ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਸਜ਼ਾ ਦਿਆਂਗਾ। ਫਿਰ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ, ਜਦੋਂ ਮੈਂ ਉਹਨਾਂ ਤੋਂ ਬਦਲਾ ਲਵਾਂਗਾ।’ ”

Highlight

Share

Copy

None

Want to have your highlights saved across all your devices? Sign up or sign in