ਸੰਤ ਲੂਕਾ 1
CL-NA

ਸੰਤ ਲੂਕਾ 1

1
ਮਾਨਯੋਗ ਥਿਓਫ਼ਿਲੁਸ
1ਬਹੁਤ ਸਾਰੇ ਲੇਖਕਾਂ ਨੇ ਕੋਸ਼ਿਸ਼ ਕੀਤੀ ਕਿ ਸਾਡੇ ਵਿਚਕਾਰ ਹੋਈਆਂ ਗੱਲਾਂ ਦਾ ਵਰਣਨ ਲਿਖਣ । 2ਜਿਸ ਤਰ੍ਹਾਂ ਸਾਨੂੰ ਉਹਨਾਂ ਪਹਿਲੇ ਗਵਾਹਾਂ ਨੇ ਦੱਸਿਆ, ਜਿਨ੍ਹਾਂ ਨੇ ਆਪਣੀ ਅੱਖੀਂ ਸਭ ਕੁਝ ਦੇਖਿਆ ਅਤੇ ਪਰਚਾਰ ਕੀਤਾ । 3ਮੈਂ ਵੀ ਇਹਨਾਂ ਸਭ ਗੱਲਾਂ ਦੀ ਬੜੀ ਧਿਆਨ ਪੂਰਵਕ ਸ਼ੁਰੂ ਤੋਂ ਲੈ ਕੇ ਅੰਤ ਤਕ ਖੋਜ ਕੀਤੀ ਹੈ, ਤਾਂ ਜੋ ਤੁਹਾਡੇ ਲਈ ਇਹਨਾਂ ਸਭ ਦਾ ਵਰਣਨ ਠੀਕ ਤੇ ਸਿਲਸਲੇਵਾਰ ਲਿਖਾਂ, 4ਕਿ ਉਹਨਾਂ ਸਾਰੀਆਂ ਗੱਲਾਂ ਬਾਰੇ ਜਿਨ੍ਹਾਂ ਤੋਂ ਤੁਸੀਂ ਅੱਗੇ ਹੀ ਜਾਣੂ ਹੋ, ਠੀਕ ਠੀਕ ਜਾਣਕਾਰੀ ਪ੍ਰਾਪਤ ਕਰੋ ।
ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਜਨਮ ਦੀ ਸੂਚਨਾ
5ਉਹਨਾਂ ਦਿਨਾਂ ਵਿੱਚ ਜਦੋਂ ਹੇਰੋਦੇਸ ਯਹੂਦਿਆ ਦੇਸ਼ ਵਿੱਚ ਰਾਜ ਕਰਦਾ ਸੀ, ਜ਼ਕਰਿਆਹ ਨਾਂ ਦਾ ਇੱਕ ਪਰੋਹਤ ਸੀ । ਉਸ ਦਾ ਸੰਬੰਧ ਅਭਿਯਾਹ ਪਰੋਹਤ ਦੇ ਦਲ ਦੇ ਪਰੋਹਤਾਂ ਨਾਲ ਸੀ ਅਤੇ ਉਸ ਦੀ ਪਤਨੀ ਇਲੀਸਬਤ ਪਰੋਹਤ ਹਰੂਨ ਦੀ ਕੁਲ ਵਿੱਚੋਂ ਸੀ ।#1 ਇਤ 24:10 6ਉਹ ਦੋਵੇਂ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਧਰਮੀ ਅਤੇ ਬੜੀ ਸੱਚਾਈ ਨਾਲ ਉਸ ਦੇ ਸਾਰਿਆਂ ਹੁਕਮਾਂ ਅਤੇ ਨਿਯਮਾਂ ਦੀ ਪਾਲਨਾ ਕਰਨ ਵਾਲੇ ਸਨ । 7ਪਰ ਉਹਨਾਂ ਕੋਲ ਕੋਈ ਸੰਤਾਨ ਨਹੀਂ ਸੀ, ਕਿਉਂਕਿ ਇਲੀਸਬਤ ਬਾਂਝ ਸੀ । ਉਹ ਦੋਵੇਂ ਬਹੁਤ ਬੁੱਢੇ ਹੋ ਗਏ ਸਨ ।
8ਇੱਕ ਵਾਰ ਜ਼ਕਰਿਆਹ ਦੇ ਦਲ ਦੀ ਵਾਰੀ ਸੀ । ਉਸ ਨੂੰ ਪਰਮੇਸ਼ਰ ਦੇ ਸਾਹਮਣੇ ਪਰੋਹਤ ਦਾ ਕੰਮ ਕਰਨਾ ਸੀ, 9ਕਿਉਂਕਿ ਪਰੋਹਤਾਂ ਦੀ ਰੀਤ ਦੇ ਅਨੁਸਾਰ ਉਸ ਦੇ ਨਾਂ ਦਾ ਗੁਣਾ ਨਿਕਲਿਆ ਸੀ ਕਿ ਉਹ ਹੈਕਲ ਵਿੱਚ ਜਾ ਕੇ ਵੇਦੀ ਉੱਤੇ ਧੂਪ ਧੁਖਾਏ । ਇਸ ਲਈ ਉਹ ਪ੍ਰਭੂ ਦੇ ਹੈਕਲ ਵਿੱਚ ਗਿਆ । 10ਉਸ ਵੇਲੇ ਸਾਰੀ ਸੰਗਤ ਬਾਹਰ ਪ੍ਰਾਰਥਨਾ ਕਰ ਰਹੀ ਸੀ ।
11ਜਦੋਂ ਜ਼ਕਰਿਆਹ ਅਜੇ ਹੈਕਲ ਦੇ ਅੰਦਰ ਹੀ ਸੀ, ਤਾਂ ਉਸ ਨੂੰ ਧੂਪ ਦੀ ਵੇਦੀ ਦੇ ਸੱਜੇ ਪਾਸੇ ਇੱਕ ਸਵਰਗਦੂਤ ਖਲੋਤਾ ਦਿਖਾਈ ਦਿੱਤਾ । 12ਉਹ ਉਸ ਨੂੰ ਦੇਖ ਕੇ ਡਰ ਗਿਆ ਅਤੇ ਘਬਰਾਉਣ ਲੱਗਾ । 13ਪਰ ਸਵਰਗਦੂਤ ਨੇ ਉਸ ਨੂੰ ਕਿਹਾ, “ਜ਼ਕਰਿਆਹ, ਡਰ ਨਾ, ਪਰਮੇਸ਼ਰ ਨੇ ਤੇਰੀ ਪ੍ਰਾਰਥਨਾ ਸੁਣ ਲਈ ਹੈ । ਤੇਰੀ ਪਤਨੀ ਇਲੀਸਬਤ ਇੱਕ ਪੁੱਤਰ ਨੂੰ ਜਨਮ ਦੇਵੇਗੀ । ਤੂੰ ਉਸ ਦਾ ਨਾਂ ਯੂਹੰਨਾ ਰੱਖੀਂ । 14ਉਸ ਦੇ ਜਨਮ ਤੋਂ ਤੈਨੂੰ ਬਹੁਤ ਖ਼ੁਸ਼ੀ ਅਤੇ ਅਨੰਦ ਹੋਵੇਗਾ । ਬਹੁਤ ਸਾਰੇ ਲੋਕ ਉਸ ਦੇ ਜਨਮ ਤੋਂ ਅਨੰਦਮਈ ਹੋਣਗੇ । 15ਉਹ ਪ੍ਰਭੂ ਦੀਆਂ ਨਜ਼ਰਾਂ ਵਿੱਚ ਬਹੁਤ ਮਹਾਨ ਹੋਵੇਗਾ । ਉਹ ਕੋਈ ਵੀ ਨ‍ਸ਼ੇ ਵਾਲੀ ਚੀਜ਼ ਨਹੀਂ ਵਰਤੇਗਾ । ਉਹ ਆਪਣੀ ਮਾਂ ਦੀ ਕੁੱਖ ਵਿੱਚੋਂ ਹੀ ਪਵਿੱਤਰ ਆਤਮਾ ਨਾਲ ਭਰਿਆ ਹੋਵੇਗਾ ।#ਗਿਣ 6:3 16ਉਹ ਇਸਰਾਏਲ ਦੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਪਰਮੇਸ਼ਰ ਪ੍ਰਭੂ ਵੱਲ ਮੋੜ ਲਿਆਏਗਾ । 17ਉਹ ਪਰਮੇਸ਼ਰ ਦੇ ਸਾਹਮਣੇ ਏਲੀਆ ਨਬੀ ਦੀ ਤਰ੍ਹਾਂ ਆਤਮਾ ਵਿੱਚ ਭਰਪੂਰ ਹੋ ਕੇ ਚੱਲੇਗਾ, ਤਾਂ ਜੋ ਉਹ ਮਾਪਿਆਂ ਦਾ ਦਿਲ ਬੱਚਿਆ ਵੱਲ ਮੋੜੇ; ਅਧਰਮੀਆਂ ਨੂੰ ਧਰਮ ਦਾ ਪਾਠ ਸਿਖਾਵੇ ਅਤੇ ਲੋਕਾਂ ਨੂੰ ਪ੍ਰਭੂ ਲਈ ਤਿਆਰ ਕਰੇ ।”#ਮਲਾ 4:5-6
18ਜ਼ਕਰਿਆਹ ਨੇ ਸਵਰਗਦੂਤ ਨੂੰ ਕਿਹਾ, “ਮੈਂ ਕਿਸ ਤਰ੍ਹਾਂ ਇਹ ਸਭ ਮੰਨਾਂ ? ਕਿਉਂਕਿ ਮੈਂ ਬੁੱਢਾ ਹੋ ਗਿਆ ਹਾਂ ਅਤੇ ਮੇਰੀ ਪਤਨੀ ਵੀ ਬਹੁਤ ਵੱਡੀ ਉਮਰ ਦੀ ਹੈ ।” 19ਸਵਰਗਦੂਤ ਨੇ ਉੱਤਰ ਦਿੱਤਾ, “ਦੇਖ, ਮੈਂ ਜਿਬਰਾਏਲ ਦੂਤ ਹਾਂ, ਜੋ ਪਰਮੇਸ਼ਰ ਦੇ ਸਾਹਮਣੇ ਖੜ੍ਹਾ ਰਹਿੰਦਾ ਹਾਂ । ਮੈਂ ਪਰਮੇਸ਼ਰ ਵੱਲੋਂ ਹੀ ਇਹ ਗੱਲਾਂ ਕਰਨ ਅਤੇ ਸ਼ੁਭ ਸਮਾਚਾਰ ਦੇਣ ਲਈ ਤੇਰੇ ਕੋਲ ਘੱਲਿਆ ਗਿਆ ਹਾਂ ।#ਦਾਨੀ 8:16, 9:21 20ਪਰ ਤੂੰ ਮੇਰੀਆਂ ਗੱਲਾਂ ਦਾ ਵਿਸ਼ਵਾਸ ਨਹੀਂ ਕੀਤਾ, ਜਿਹੜੀਆਂ ਆਪਣੇ ਸਮੇਂ ਉੱਤੇ ਪੂਰੀਆਂ ਹੋਣਗੀਆਂ । ਇਸ ਲਈ ਤੂੰ ਉਸ ਸਮੇਂ ਤਕ ਗੂੰਗਾ ਰਹੇਂਗਾ ਅਤੇ ਬੋਲ ਨਹੀਂ ਸਕੇਗਾ, ਜਦੋਂ ਤਕ ਉਹ ਪੂਰੀਆਂ ਨਾ ਹੋ ਜਾਣ ।”
21ਬਾਹਰ ਸੰਗਤ ਜ਼ਕਰਿਆਹ ਦੀ ਉਡੀਕ ਕਰ ਰਹੀ ਸੀ । ਸਾਰੀ ਸੰਗਤ ਹੈਰਾਨ ਸੀ ਕਿ ਉਸ ਨੇ ਹੈਕਲ ਦੇ ਵਿੱਚ ਇੰਨਾ ਚਿਰ ਕਿਉਂ ਲਾ ਦਿੱਤਾ ਹੈ । 22ਜਦੋਂ ਜ਼ਕਰਿਆਹ ਬਾਹਰ ਆਇਆ, ਤਾਂ ਉਹ ਬੋਲ ਨਾ ਸਕਿਆ, ਸੰਗਤ ਸਮਝ ਗਈ ਕਿ ਉਸ ਨੇ ਹੈਕਲ ਵਿੱਚ ਕੋਈ ਦਰਸ਼ਨ ਦੇਖਿਆ ਹੈ । ਉਹ ਕੇਵਲ ਇਸ਼ਾਰੇ ਹੀ ਕਰਦਾ ਸੀ, ਪਰ ਬੋਲ ਨਹੀਂ ਸਕਦਾ ਸੀ ।
23ਫਿਰ ਜਦੋਂ ਉਸ ਦੀ ਸੇਵਾ ਦੇ ਦਿਨ ਖ਼ਤਮ ਹੋ ਗਏ, ਤਾਂ ਉਹ ਆਪਣੇ ਘਰ ਵਾਪਸ ਚਲਾ ਗਿਆ । 24ਕੁਝ ਦਿਨਾਂ ਦੇ ਪਿੱਛੋਂ ਉਸ ਦੀ ਪਤਨੀ ਇਲੀਸਬਤ ਗਰਭਵਤੀ ਹੋਈ । ਉਸ ਨੇ ਪੰਜ ਮਹੀਨੇ ਤਕ ਇਸ ਗੱਲ ਨੂੰ ਭੇਤ ਵਿੱਚ ਰੱਖਿਆ । ਉਹ ਕਹਿੰਦੀ ਸੀ, 25“ਪ੍ਰਭੂ ਨੇ ਇਸ ਬੁਢਾਪੇ ਵਿੱਚ ਮੇਰੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਹੈ । ਉਸ ਨੇ ਮੇਰੀ ਸਾਰੀ ਸ਼ਰਮ ਦੂਰ ਕਰ ਦਿੱਤੀ ਹੈ ।”
ਪ੍ਰਭੂ ਯਿਸੂ ਦੇ ਜਨਮ ਦੀ ਸੂਚਨਾ
26ਇਲੀਸਬਤ ਨੂੰ ਗਰਭਵਤੀ ਹੋਇਆਂ ਛੇ ਮਹੀਨੇ ਹੋ ਚੁੱਕੇ ਸਨ, ਜਦੋਂ ਪਰਮੇਸ਼ਰ ਨੇ ਜਿਬਰਾਏਲ ਸਵਰਗਦੂਤ ਨੂੰ ਗਲੀਲ ਇਲਾਕੇ ਦੇ ਨਾਸਰਤ ਨਾਂ ਦੇ ਇੱਕ ਪਿੰਡ ਵਿੱਚ ਘੱਲਿਆ । 27ਸਵਰਗਦੂਤ, ਮਰੀਅਮ ਨਾਂ ਦੀ ਇੱਕ ਕੁਆਰੀ ਕੋਲ ਗਿਆ । ਉਸ ਕੁਆਰੀ ਦੀ ਮੰਗਣੀ ਦਾਊਦ ਦੀ ਕੁਲ ਦੇ ਯੂਸਫ਼ ਨਾਂ ਦੇ ਇੱਕ ਆਦਮੀ ਨਾਲ ਹੋਈ ਸੀ ।#ਮੱਤੀ 1:18 28ਸਵਰਗਦੂਤ ਨੇ ਅੰਦਰ ਜਾ ਕੇ ਮਰੀਅਮ ਨੂੰ ਆਖਿਆ, “ਹੇ ਪ੍ਰਭੂ ਦੀ ਕਿਰਪਾ ਪਾਤਰ, ਪ੍ਰਭੂ ਦੀ ਜੈ ਹੋਵੇ । ਉਹ ਤੇਰੇ ਨਾਲ ਹੈ ।” 29ਮਰੀਅਮ ਇਹ ਸੁਣ ਕੇ ਘਬਰਾ ਗਈ ਅਤੇ ਮਨ ਵਿੱਚ ਸੋਚਣ ਲਗੀ, ਇਹ ਕਿਸ ਤਰ੍ਹਾਂ ਦਾ ਪਰਨਾਮ ਹੈ । 30ਸਵਰਗਦੂਤ ਨੇ ਮਰੀਅਮ ਨੂੰ ਕਿਹਾ, “ਮਰੀਅਮ ਨਾ ਡਰ, ਕਿਉਂਕਿ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ । 31ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਂਗੀ । ਤੂੰ ਉਸ ਦਾ ਨਾਮ ਯਿਸੂ ਰੱਖਣਾ ।#ਮੱਤੀ 1:21 32ਉਹ ਮਹਾਨ ਹੋਵੇਗਾ । ਉਹ ਪਰਮ ਪਰਮੇਸ਼ਰ ਦਾ ਪੁੱਤਰ ਅਖਵਾਵੇਗਾ । ਪ੍ਰਭੂ ਪਰਮੇਸ਼ਰ, ਉਸ ਦੇ ਪੁਰਖੇ ਦਾਊਦ ਦੀ ਰਾਜ ਗੱਦੀ ਉਸ ਨੂੰ ਦੇਵੇਗਾ ।#2 ਸਮੂ 7:12, 13:16, ਯਸਾ 9:7 33ਉਹ ਸਦਾ ਤੀਕ ਯਾਕੂਬ ਦੇ ਟੱਬਰ ਉੱਤੇ ਰਾਜ ਕਰੇਗਾ । ਉਸ ਦੇ ਰਾਜ ਦਾ ਅੰਤ ਨਹੀਂ ਹੋਵੇਗਾ ।”
34ਮਰੀਅਮ ਨੇ ਸਵਰਗਦੂਤ ਨੂੰ ਕਿਹਾ, “ਇਹ ਕਿਸ ਤਰ੍ਹਾਂ ਹੋ ਸਕਦਾ ਹੈ ? ਮੈਂ ਅਜੇ ਕੁਆਰੀ ਹਾਂ ।” 35ਸਵਰਗਦੂਤ ਨੇ ਉੱਤਰ ਦਿੱਤਾ, “ਪਵਿੱਤਰ ਆਤਮਾ ਤੇਰੇ ਉੱਤੇ ਉਤਰੇਗਾ ਅਤੇ ਪਰਮੇਸ਼ਰ ਦੀ ਸ਼ਕਤੀ ਤੇਰੇ ਉੱਤੇ ਛਾਇਆ ਕਰੇਗੀ । ਇਸ ਲਈ ਜੋ ਪਵਿੱਤਰ ਬਾਲਕ ਤੇਰੇ ਤੋਂ ਪੈਦਾ ਹੋਵੇਗਾ, ਪਰਮੇਸ਼ਰ ਦਾ ਪੁੱਤਰ ਅਖਵਾਵੇਗਾ । 36ਤੇਰੀ ਰਿਸ਼ਤੇਦਾਰ ਇਲੀਸਬਤ ਵੀ ਆਪਣੇ ਬੁਢਾਪੇ ਵਿੱਚ ਗਰਭਵਤੀ ਹੈ । ਇਹ ਉਸ ਦਾ ਛੇਵਾਂ ਮਹੀਨਾ ਹੈ । ਉਹ ਵੀ ਇੱਕ ਪੁੱਤਰ ਨੂੰ ਜਨਮ ਦੇਵੇਗੀ । 37ਕਿਉਂਕਿ ਪਰਮੇਸ਼ਰ ਦੇ ਲਈ ਕੁਝ ਵੀ ਅਸੰਭਵ ਨਹੀਂ ।”#ਉਤ 18:14
38ਮਰੀਅਮ ਨੇ ਕਿਹਾ, “ਮੈਂ ਪਰਮੇਸ਼ਰ ਦੀ ਦਾਸੀ ਹਾਂ, ਜਿਸ ਤਰ੍ਹਾਂ ਤੁਸਾਂ ਨੇ ਕਿਹਾ, ਮੇਰੇ ਨਾਲ ਉਸੇ ਤਰ੍ਹਾਂ ਹੋਵੇ ।” ਫਿਰ ਸਵਰਗਦੂਤ ਮਰੀਅਮ ਦੇ ਕੋਲੋਂ ਚਲਾ ਗਿਆ ।
ਮਰੀਅਮ ਦਾ ਇਲੀਸਬਤ ਦੇ ਘਰ ਜਾਣਾ
39ਇਸ ਘਟਨਾ ਦੇ ਪਿੱਛੋਂ ਮਰੀਅਮ ਛੇਤੀ ਹੀ ਤਿਆਰ ਹੋ ਕੇ ਯਹੂਦਿਆ ਦੇਸ਼ ਦੇ ਇੱਕ ਪਹਾੜੀ ਨਗਰ ਨੂੰ ਗਈ । 40ਉਹ ਜ਼ਕਰਿਆਹ ਪਰੋਹਤ ਦੇ ਘਰ ਗਈ ਅਤੇ ਇਲੀਸਬਤ ਨੂੰ ਪਰਨਾਮ ਕੀਤਾ । 41ਜਿਵੇਂ ਹੀ ਇਲੀਸਬਤ ਨੇ ਮਰੀਅਮ ਦਾ ਪਰਨਾਮ ਸੁਣਿਆ, ਉਸ ਦੀ ਕੁੱਖ ਵਿੱਚ ਬੱਚਾ ਉੱਛਲ ਪਿਆ । ਉਸੇ ਵੇਲੇ ਇਲੀਸਬਤ ਪਵਿੱਤਰ ਆਤਮਾ ਨਾਲ ਭਰ ਗਈ । 42ਉਹ ਉੱਚੀ ਦੇ ਕੇ ਬੋਲੀ, “ਤੂੰ ਔਰਤਾਂ ਵਿੱਚੋਂ ਧੰਨ ਹੈ ਅਤੇ ਤੇਰੀ ਕੁੱਖ ਦਾ ਫਲ ਵੀ ਧੰਨ ਹੈ । 43ਇਹ ਮੇਰੇ ਧੰਨ ਭਾਗ ਹਨ ਕਿ ਮੇਰੇ ਪ੍ਰਭੂ ਦੀ ਮਾਂ ਮੇਰੇ ਕੋਲ ਚੱਲ ਕੇ ਆਈ ਹੈ । 44ਦੇਖ, ਜਿਵੇਂ ਹੀ ਤੇਰੇ ਪਰਨਾਮ ਦੀ ਅਵਾਜ਼ ਮੇਰੇ ਕੰਨਾਂ ਵਿੱਚ ਪਈ, ਬੱਚਾ ਖ਼ੁਸ਼ੀ ਦੇ ਨਾਲ ਮੇਰੀ ਕੁੱਖ ਵਿੱਚ ਉੱਛਲ ਪਿਆ । 45ਤੂੰ ਧੰਨ ਹੈਂ, ਜਿਸ ਨੇ ਪ੍ਰਭੂ ਦੀਆਂ ਗੱਲਾਂ ਉੱਤੇ ਵਿਸ਼ਵਾਸ ਕੀਤਾ ਕਿ ਉਹ ਜ਼ਰੂਰ ਪੂਰੀਆਂ ਹੋਣਗੀਆਂ ।”
ਮਰੀਅਮ ਪ੍ਰਭੂ ਦੀ ਉਸਤਤ ਕਰਦੀ ਹੈ
46ਮਰੀਅਮ ਨੇ ਕਿਹਾ :
“ਮੇਰੀ ਜਾਨ ਪ੍ਰਭੂ ਦੀ ਉਸਤਤ ਕਰਦੀ ਹੈ,#1 ਸਮੂ 2:1-10
47ਮੇਰੀ ਆਤਮਾ ਮੇਰੇ ਮੁਕਤੀਦਾਤਾ ਪਰਮੇਸ਼ਰ ਤੋਂ ਖ਼ੁਸ਼ ਹੈ,
48ਕਿਉਂਕਿ ਉਸ ਨੇ ਆਪਣੀ ਦਾਸੀ ਦੀ ਦੀਨਤਾ ਉੱਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ ।
ਹੁਣ ਤੋਂ ਸਭ ਪੀੜ੍ਹੀਆਂ ਮੈਨੂੰ ਧੰਨ ਕਹਿਣਗੀਆਂ,#1 ਸਮੂ 1:11
49ਕਿਉਂਕਿ ਮਹਾਨ ਪਰਮੇਸ਼ਰ ਨੇ ਮੇਰੇ ਲਈ ਅਦਭੁਤ ਕੰਮ ਕੀਤੇ ਹਨ,
ਉਸ ਦਾ ਨਾਮ ਪਵਿੱਤਰ ਹੈ ।
50ਉਹ ਆਪਣੇ ਮੰਨਣ ਵਾਲਿਆਂ ਉੱਤੇ,
ਪੀੜ੍ਹੀਓ ਪੀੜ੍ਹੀ ਦਇਆ ਕਰਦਾ ਹੈ ।
51ਉਸ ਨੇ ਆਪਣੀਆਂ ਬਾਹਾਂ ਦਾ ਬਲ ਦਿਖਾਇਆ ਹੈ ।
ਉਸ ਨੇ ਘਮੰਡੀਆਂ ਦੀਆਂ ਚਾਲਾਂ ਨੂੰ ਨਿਸਫਲ ਕੀਤਾ ਹੈ ।
52ਉਸ ਨੇ ਸ਼ਕਤੀਸ਼ਾਲੀਆਂ ਨੂੰ ਗੱਦੀਆਂ ਤੋਂ ਲਾਹਿਆ,
ਅਤੇ ਦੀਨਾਂ ਨੂੰ ਉੱਚਾ ਕੀਤਾ ਹੈ ।#ਅੱਯੂ 11:5, 12:19
53ਉਸ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾ ਨਾਲ ਰਜਾਇਆ,
ਅਤੇ ਧਨੀਆਂ ਨੂੰ ਖ਼ਾਲੀ ਹੱਥੀਂ ਵਾਪਸ ਮੋੜ ਦਿੱਤਾ ਹੈ ।
54ਉਸ ਨੇ ਆਪਣੀ ਦਇਆ ਨੂੰ ਯਾਦ ਕੀਤਾ,
ਅਤੇ ਆਪਣੇ ਦਾਸ ਇਸਰਾਏਲ ਦੀ ਮਦਦ ਕੀਤੀ ਹੈ ।
55ਇਹ ਸਭ ਉਸ ਨੇ ਅਬਰਾਹਾਮ ਅਤੇ ਉਸ ਦੀ ਕੁਲ ਦੇ ਸਾਡੇ ਪੁਰਖਿਆਂ ਨਾਲ,
ਨਾ ਟੁੱਟਣ ਵਾਲੀ ਕੀਤੀ ਪ੍ਰਤਿੱਗਿਆ ਦੇ ਅਨੁਸਾਰ ਕੀਤਾ ਹੈ ।”#ਉਤ 17:7
56ਮਰੀਅਮ ਇਲੀਸਬਤ ਦੇ ਨਾਲ ਤਿੰਨ ਮਹੀਨੇ ਤੀਕ ਰਹੀ ਅਤੇ ਫਿਰ ਆਪਣੇ ਘਰ ਨੂੰ ਮੁੜ ਗਈ ।
ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਜਨਮ
57ਇਲੀਸਬਤ ਦੇ ਜਣਨ ਦਾ ਸਮਾਂ ਪੂਰਾ ਹੋ ਗਿਆ, ਤਾਂ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ । 58ਜਦੋਂ ਉਸ ਦੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੂੰ ਪਤਾ ਲੱਗਾ ਕਿ ਪਰਮੇਸ਼ਰ ਨੇ ਉਸ ਉੱਤੇ ਕਿਰਪਾ ਕੀਤੀ ਹੈ, ਤਾਂ ਉਹਨਾਂ ਉਸ ਦੇ ਨਾਲ ਮਿਲਕੇ ਖ਼ੁਸ਼ੀ ਮਨਾਈ ।
59ਯਹੂਦੀਆਂ ਦੀ ਰੀਤ ਅਨੁਸਾਰ, ਲੋਕ ਅੱਠਵੇਂ ਦਿਨ ਬੱਚੇ ਦੀ ਸੁੰਨਤ ਕਰਨ ਵਾਸਤੇ ਆਏ । ਉਹ ਬੱਚੇ ਦੇ ਪਿਤਾ ਦੇ ਨਾਂ ਉੱਤੇ ਉਸ ਦਾ ਨਾਂ ਜ਼ਕਰਿਆਹ ਰੱਖਣ ਲੱਗੇ ।#ਲੇਵ 12:3 60ਪਰ ਇਲੀਸਬਤ ਨੇ ਕਿਹਾ, “ਨਹੀਂ, ਬੱਚੇ ਦਾ ਨਾਂ ਯੂਹੰਨਾ ਰੱਖਿਆ ਜਾਵੇਗਾ ।” 61ਲੋਕਾਂ ਨੇ ਇਲੀਸਬਤ ਨੂੰ ਕਿਹਾ, “ਤੁਹਾਡੇ ਰਿਸ਼ਤੇਦਾਰਾਂ ਵਿੱਚੋਂ ਕਿਸੇ ਦਾ ਵੀ ਨਾਂ ਯੂਹੰਨਾ ਨਹੀਂ ।” 62ਫਿਰ ਉਹਨਾਂ ਇਸ਼ਾਰੇ ਨਾਲ ਬੱਚੇ ਦੇ ਪਿਤਾ ਜ਼ਕਰਿਆਹ ਤੋਂ ਪੁੱਛਿਆ ਕਿ ਉਹ ਆਪਣੇ ਬੱਚੇ ਦਾ ਕੀ ਨਾਂ ਰੱਖਣਾ ਚਾਹੁੰਦਾ ਹੈ । 63ਜ਼ਕਰਿਆਹ ਨੇ ਲਿਖਣ ਵਾਲੀ ਤਖ਼ਤੀ ਮੰਗਵਾਈ ਅਤੇ ਉਸ ਉੱਤੇ ਲਿਖ ਦਿੱਤਾ, “ਬੱਚੇ ਦਾ ਨਾਂ ਯੂਹੰਨਾ ਹੈ ।” ਇਸ ਉੱਤੇ ਸਾਰੇ ਲੋਕ ਹੈਰਾਨ ਰਹਿ ਗਏ । 64ਉਸੇ ਵੇਲੇ ਜ਼ਕਰਿਆਹ ਦਾ ਗੁੰਗਾਪਣ ਜਾਂਦਾ ਰਿਹਾ ਅਤੇ ਉਹ ਪਰਮੇਸ਼ਰ ਦੀ ਉਸਤਤ ਕਰਨ ਲੱਗਾ । 65ਇਹ ਦੇਖ ਕੇ ਨਗਰ ਦੇ ਸਾਰੇ ਪਾਸੇ ਲੋਕ ਭੈਭੀਤ ਹੋ ਗਏ । ਇਹਨਾਂ ਗੱਲਾਂ ਦੀ ਚਰਚਾ, ਯਹੂਦਿਆ ਦੇ ਸਾਰੇ ਪਹਾੜੀ ਇਲਾਕੇ ਵਿੱਚ ਹੋਣ ਲੱਗੀ । 66ਜੋ ਵੀ ਆਦਮੀ ਇਹਨਾਂ ਗੱਲਾਂ ਨੂੰ ਸੁਣਦਾ ਸੀ, ਉਹ ਇਹਨਾਂ ਨੂੰ ਆਪਣੇ ਮਨ ਵਿੱਚ ਰੱਖ ਕੇ ਸੋਚਦਾ ਅਤੇ ਕਹਿੰਦਾ ਸੀ, “ਨਾ ਜਾਣੇ ਇਹ ਬੱਚਾ ਵੱਡਾ ਹੋ ਕੇ ਕੀ ਬਣੇਗਾ ?” ਕਿਉਂਕਿ ਪ੍ਰਭੂ ਦਾ ਹੱਥ ਉਸ ਉੱਤੇ ਸੀ ।
ਜ਼ਕਰਿਆਹ ਦਾ ਅਗੰਮੀਵਾਕ
67ਬੱਚੇ ਦਾ ਪਿਤਾ ਜ਼ਕਰਿਆਹ ਪਵਿੱਤਰ ਆਤਮਾ ਨਾਲ ਭਰ ਗਿਆ । ਉਸ ਨੇ ਇਹ ਅਗੰਮੀਵਾਕ ਕੀਤਾ :
68“ਇਸਰਾਏਲ ਦੇ ਪਰਮੇਸ਼ਰ ਦੀ ਮਹਿਮਾ ਕਰੋ ।
ਕਿਉਂਕਿ ਉਸ ਨੇ ਆਪਣੇ ਲੋਕਾਂ ਵੱਲ ਧਿਆਨ ਕੀਤਾ ਹੈ,
ਅਤੇ ਉਹਨਾਂ ਨੂੰ ਮੁਕਤੀ ਦਿੱਤੀ ਹੈ ।
69ਉਸ ਨੇ ਸਾਡੇ ਲਈ ਆਪਣੇ ਦਾਸ
ਦਾਊਦ ਦੀ ਕੁਲ ਵਿੱਚੋਂ ਇੱਕ ਸ਼ਕਤੀਸ਼ਾਲੀ ਮੁਕਤੀਦਾਤਾ ਬਖ਼ਸ਼ਿਆ ਹੈ ।
70ਉਸ ਨੇ ਸ੍ਰਿਸ਼ਟੀ ਦੇ ਸ਼ੁਰੂ ਤੋਂ ਹੀ ਆਪਣੇ
ਨਬੀਆਂ ਦੇ ਰਾਹੀਂ ਇਹ ਕਿਹਾ ਸੀ ।
71ਉਹ ਸਾਡੇ ਵੈਰੀਆਂ ਤੋਂ ਸਾਨੂੰ ਬਚਾਵੇਗਾ
ਅਤੇ ਸਾਡੇ ਘਿਰਣਾ ਕਰਨ ਵਾਲਿਆਂ ਤੋਂ ਸਾਨੂੰ ਛੁਟਕਾਰਾ ਦੇਵੇਗਾ ।
72ਉਹ ਸਾਡੇ ਪੁਰਖਿਆਂ ਉੱਤੇ ਦਇਆ
ਕਰੇਗਾ ਅਤੇ ਆਪਣੇ ਪਵਿੱਤਰ ਨੇਮ ਨੂੰ ਯਾਦ ਰੱਖੇਗਾ ।
73ਉਸ ਨੇ ਸਾਡੇ ਪੁਰਖੇ ਅਬਰਾਹਾਮ ਨਾਲ ਇਹ ਕਸਮ ਖਾਧੀ ਸੀ;
74ਉਹ ਸਾਡੇ ਵੈਰੀਆਂ ਤੋਂ ਸਾਨੂੰ ਛੁਡਾਵੇਗਾ, ਤਾਂ ਜੋ ਅਸੀਂ ਨਿਡਰ ਹੋ ਕੇ,
75ਜੀਵਨ ਭਰ ਉਸ ਦੀ ਭਗਤੀ,
ਪਵਿੱਤਰਤਾ ਅਤੇ ਸੱਚਾਈ ਨਾਲ ਕਰੀਏ ।
76ਹੇ ਮੇਰੇ ਬੱਚੇ, ਤੂੰ ਪਰਮ ਪਰਮੇਸ਼ਰ ਦਾ ਨਬੀ ਅਖਵਾਵੇਂਗਾ ।
ਤੂੰ ਪ੍ਰਭੂ ਦਾ ਰਾਹ ਤਿਆਰ ਕਰਨ ਦੇ ਲਈ ਉਸ ਦੇ ਅੱਗੇ ਜਾਵੇਂਗਾ ।#ਮਲਾ 3:1
77ਤੂੰ ਪ੍ਰਭੂ ਦੇ ਲੋਕਾਂ ਨੂੰ ਪਾਪ ਦੀ ਮਾਫ਼ੀ ਅਤੇ ਮੁਕਤੀ ਦੀ ਸਿੱਖਿਆ ਦੇਵੇਂਗਾ;
78ਕਿਉਂਕਿ ਸਾਡਾ ਪਰਮੇਸ਼ਰ ਦਿਆਲੂ ਅਤੇ ਕਿਰਪਾਲੂ ਹੈ, ਉਹ ਸਾਡੇ ਉੱਤੇ,
ਸਵਰਗ ਤੋਂ ਮੁਕਤੀ ਦਾ ਚਾਨਣ ਕਰੇਗਾ,
79ਤਾਂ ਜੋ ਹਨੇਰੇ ਅਤੇ ਮੌਤ ਦੀ ਛਾਂ ਹੇਠਾਂ
ਰਹਿਣ ਵਾਲਿਆਂ ਨੂੰ ਚਾਨਣ ਦੇਵੇ ਅਤੇ
ਸਾਨੂੰ ਸ਼ਾਂਤੀ ਦੇ ਰਾਹ ਉੱਤੇ ਲੈ ਜਾਵੇ ।”#ਯਸਾ 9:2
80ਉਹ ਬੱਚਾ ਸਰੀਰਕ ਅਤੇ ਆਤਮਕ ਤੌਰ ਤੇ ਵੱਧਦਾ ਗਿਆ । ਉਹ ਇਸਰਾਏਲ ਦੇ ਲੋਕਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਵੀਰਾਨੇ ਵਿੱਚ ਰਿਹਾ ।

Punjabi Common Language (North American Version):

Text © 2018 Canadian Bible Society and Bible Society of India

This Publication © 2018 Canadian Bible Society

Learn More About ਪਰਮੇਸ਼ਰ ਦਾ ਸ਼ਬਦ