ਲੇਵੀਆਂ 16
16
ਪ੍ਰਾਸਚਿਤ ਦਾ ਦਿਨ
1ਜਿਸ ਵੇਲੇ ਹਾਰੂਨ ਦੇ ਦੋ ਪੁੱਤਰ ਯਹੋਵਾਹ ਦੇ ਸਨਮੁਖ ਅਪਵਿੱਤਰ ਭੇਟ ਚੜ੍ਹਾ ਕੇ ਮਰ ਗਏ, 2ਤਦ ਯਹੋਵਾਹ ਨੇ ਮੂਸਾ ਦੇ ਨਾਲ ਗੱਲ ਕਰਕੇ ਆਖਿਆ, “ਆਪਣੇ ਭਰਾ ਹਾਰੂਨ ਨੂੰ ਆਖ, ਉਹ ਪਵਿੱਤਰ ਸਥਾਨ ਵਿੱਚ ਪਰਦੇ ਦੇ ਅੰਦਰ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ, ਜੋ ਸੰਦੂਕ ਦੇ ਉੱਤੇ ਹੈ, ਹਰ ਵਾਰੀ ਨਾ ਆਇਆ ਕਰੇ, ਤਾਂ ਜੋ ਉਹ ਮਰ ਨਾ ਜਾਵੇ, ਕਿਉਂ ਜੋ ਮੈਂ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੇ ਬੱਦਲ ਵਿੱਚ ਪਰਗਟ ਹੋਵਾਂਗਾ। 3ਜਦ ਹਾਰੂਨ ਪਵਿੱਤਰ ਸਥਾਨ ਵਿੱਚ ਆਵੇ ਤਦ ਉਹ ਇੱਕ ਜੁਆਨ ਬਲ਼ਦ ਪਾਪ ਬਲੀ ਦੀ ਭੇਟ ਲਈ ਅਤੇ ਇੱਕ ਭੇਡੂ ਹੋਮ ਬਲੀ ਦੀ ਭੇਟ ਲਈ ਲੈ ਕੇ ਆਇਆ ਕਰੇ। 4ਉਹ ਕਤਾਨ ਦਾ ਪਵਿੱਤਰ ਕੁੜਤਾ, ਕਤਾਨ ਦਾ ਅੰਗਰੱਖਾ, ਕਤਾਨ ਦਾ ਕਮਰ ਕੱਸਾ ਅਤੇ ਕਤਾਨ ਦੀ ਪਗੜੀ ਪਹਿਨ ਕੇ ਆਇਆ ਕਰੇ। ਇਹ ਪਵਿੱਤਰ ਬਸਤਰ ਹਨ, ਇਸ ਲਈ ਉਹ ਪਾਣੀ ਨਾਲ ਨਹਾ ਕੇ ਇਨ੍ਹਾਂ ਨੂੰ ਪਹਿਨੇ। 5ਉਹ ਇਸਰਾਏਲੀਆਂ ਦੀ ਮੰਡਲੀ ਤੋਂ ਪਾਪ ਬਲੀ ਦੀ ਭੇਟ ਲਈ ਬੱਕਰੀਆਂ ਦੇ ਦੋ ਮੇਮਣੇ ਅਤੇ ਹੋਮ ਬਲੀ ਭੇਟ ਲਈ ਇੱਕ ਭੇਡੂ ਲਵੇ। 6ਅਤੇ ਹਾਰੂਨ ਉਸ ਪਾਪ ਬਲੀ ਦੀ ਭੇਟ ਦੇ ਬਲ਼ਦ ਨੂੰ, ਜੋ ਆਪ ਉਸ ਦੇ ਲਈ ਹੈ ਚੜ੍ਹਾਵੇ ਅਤੇ ਆਪਣੇ ਲਈ ਅਤੇ ਆਪਣੇ ਘਰਾਣੇ ਲਈ ਪ੍ਰਾਸਚਿਤ ਕਰੇ। 7ਉਹ ਉਨ੍ਹਾਂ ਦੋਨਾਂ ਮੇਮਣਿਆਂ ਨੂੰ ਲੈ ਕੇ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਯਹੋਵਾਹ ਦੇ ਅੱਗੇ ਖੜ੍ਹਾ ਕਰੇ। 8ਅਤੇ ਹਾਰੂਨ ਉਨ੍ਹਾਂ ਦੋਹਾਂ ਬੱਕਰਿਆਂ ਉੱਤੇ ਪਰਚੀਆਂ ਪਾਵੇ, ਇੱਕ ਪਰਚੀ ਯਹੋਵਾਹ ਦੇ ਲਈ ਅਤੇ ਦੂਜੀ ਅਜ਼ਾਜ਼ੇਲ ਦੇ ਲਈ। 9ਜਿਸ ਬੱਕਰੇ ਉੱਤੇ ਯਹੋਵਾਹ ਲਈ ਪਰਚੀ ਨਿੱਕਲੇ, ਹਾਰੂਨ ਉਸ ਨੂੰ ਲੈ ਕੇ ਪਾਪ ਬਲੀ ਦੀ ਭੇਟ ਕਰਕੇ ਚੜ੍ਹਾਵੇ। 10ਪਰ ਉਹ ਬੱਕਰਾ ਜਿਸ ਦੇ ਉੱਤੇ ਅਜ਼ਾਜ਼ੇਲ ਲਈ ਪਰਚੀ ਨਿੱਕਲੀ, ਉਹ ਯਹੋਵਾਹ ਦੇ ਅੱਗੇ ਜੀਉਂਦਾ ਖੜ੍ਹਾ ਕੀਤਾ ਜਾਵੇ ਕਿ ਉਸ ਦੇ ਨਾਲ ਪ੍ਰਾਸਚਿਤ ਕੀਤਾ ਜਾਵੇ ਅਤੇ ਉਸ ਨੂੰ ਛੋਟ ਕਰ ਕੇ ਉਜਾੜ ਵਿੱਚ ਛੱਡ ਦਿੱਤਾ ਜਾਵੇ।”
11“ਹਾਰੂਨ ਉਸ ਪਾਪ ਬਲੀ ਦੀ ਭੇਟ ਦੇ ਬਲ਼ਦ ਨੂੰ ਜੋ ਉਸਨੇ ਆਪਣੇ ਲਈ ਲਿਆ ਹੈ, ਲਿਆਵੇ ਅਤੇ ਉਸ ਨੂੰ ਵੱਢ ਕੇ ਆਪਣੇ ਲਈ ਅਤੇ ਆਪਣੇ ਘਰਾਣੇ ਲਈ ਪ੍ਰਾਸਚਿਤ ਕਰੇ। 12ਅਤੇ ਉਹ ਜਗਵੇਦੀ ਦੇ ਉੱਤੋਂ ਕੋਲਿਆਂ ਦੀ ਅੱਗ ਨਾਲ ਧੂਪਦਾਨੀ ਨੂੰ ਭਰੇ ਅਤੇ ਆਪਣੇ ਦੋਵੇਂ ਹੱਥਾਂ ਵਿੱਚ ਮਹੀਨ ਕੁੱਟੇ ਹੋਏ ਸੁਗੰਧ ਧੂਪ ਨੂੰ ਭਰ ਕੇ ਪਰਦੇ ਦੇ ਅੰਦਰ ਲੈ ਆਵੇ। 13ਉਹ ਉਸ ਧੂਪ ਨੂੰ ਯਹੋਵਾਹ ਦੇ ਅੱਗੇ ਅੱਗ ਦੇ ਉੱਤੇ ਪਾਵੇ, ਤਾਂ ਜੋ ਧੂਪ ਦਾ ਧੂੰਆਂ ਪ੍ਰਾਸਚਿਤ ਦੇ ਸਰਪੋਸ਼ ਨੂੰ ਜੋ ਸਾਖੀ ਦੇ ਉੱਤੇ ਹੈ, ਢੱਕ ਲਵੇ, ਤਾਂ ਜੋ ਉਹ ਮਰ ਨਾ ਜਾਵੇ। 14ਤਦ ਉਹ ਬਲ਼ਦ ਦੇ ਲਹੂ ਵਿੱਚੋਂ ਕੁਝ ਲੈ ਕੇ ਪੂਰਬ ਦੀ ਵੱਲ ਉਸ ਨੂੰ ਪ੍ਰਾਸਚਿਤ ਦੇ ਸਰਪੋਸ਼ ਉੱਤੇ ਆਪਣੀ ਉਂਗਲ ਨਾਲ ਛਿੜਕੇ ਅਤੇ ਫੇਰ ਉਸ ਲਹੂ ਵਿੱਚੋਂ ਕੁਝ ਆਪਣੀ ਉਂਗਲ ਨਾਲ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਸੱਤ ਵਾਰੀ ਛਿੜਕੇ।”
15“ਫੇਰ ਉਹ ਪਾਪ ਬਲੀ ਦੀ ਭੇਟ ਦੇ ਬੱਕਰੇ ਨੂੰ ਜੋ ਲੋਕਾਂ ਦੇ ਲਈ ਹੈ, ਵੱਢੇ ਅਤੇ ਉਸ ਦਾ ਲਹੂ ਪਰਦੇ ਦੇ ਅੰਦਰ ਲਿਆਵੇ ਅਤੇ ਜਿਵੇਂ ਉਸ ਨੇ ਬਲ਼ਦ ਦੇ ਲਹੂ ਨਾਲ ਕੀਤਾ ਸੀ, ਉਸੇ ਤਰ੍ਹਾਂ ਹੀ ਉਹ ਉਸ ਦੇ ਲਹੂ ਨਾਲ ਕਰੇ ਅਰਥਾਤ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੇ ਅਤੇ ਉਸ ਦੇ ਸਾਹਮਣੇ ਉਸ ਨੂੰ ਛਿੜਕੇ।” 16ਅਤੇ ਉਹ ਇਸਰਾਏਲੀਆਂ ਦੀ ਅਲੱਗ-ਅਲੱਗ ਅਸ਼ੁੱਧਤਾਈ, ਅਤੇ ਉਨ੍ਹਾਂ ਦੇ ਪਾਪਾਂ, ਅਤੇ ਉਨ੍ਹਾਂ ਦੇ ਸਾਰੇ ਅਪਰਾਧਾਂ ਦੇ ਕਾਰਨ, ਪਵਿੱਤਰ ਸਥਾਨ ਦੇ ਲਈ ਪ੍ਰਾਸਚਿਤ ਕਰੇ ਅਤੇ ਇਸੇ ਤਰ੍ਹਾਂ ਹੀ ਉਹ ਮੰਡਲੀ ਦੇ ਡੇਰੇ ਦੇ ਲਈ ਕਰੇ ਜਿਹੜਾ ਉਨ੍ਹਾਂ ਦੀ ਅਸ਼ੁੱਧਤਾਈ ਦੇ ਵਿਚਕਾਰ ਰਹਿੰਦਾ ਹੈ। 17ਜਿਸ ਵੇਲੇ ਹਾਰੂਨ ਪਵਿੱਤਰ ਸਥਾਨ ਵਿੱਚ ਪ੍ਰਾਸਚਿਤ ਕਰਨ ਲਈ ਜਾਵੇ, ਤਾਂ ਜਦ ਤੱਕ ਉਹ ਆਪਣੇ ਲਈ, ਆਪਣੇ ਘਰਾਣੇ ਦੇ ਲਈ ਅਤੇ ਇਸਰਾਏਲ ਦੀ ਸਾਰੀ ਮੰਡਲੀ ਦੇ ਲਈ ਪ੍ਰਾਸਚਿਤ ਪੂਰਾ ਕਰਕੇ ਬਾਹਰ ਨਾ ਨਿੱਕਲੇ, ਤਦ ਤੱਕ ਮੰਡਲੀ ਦੇ ਡੇਰੇ ਵਿੱਚ ਹੋਰ ਕੋਈ ਮਨੁੱਖ ਨਾ ਜਾਵੇ। 18ਫੇਰ ਉਹ ਨਿੱਕਲ ਕੇ ਉਸ ਜਗਵੇਦੀ ਦੇ ਕੋਲ ਜਾਵੇ ਜਿਹੜੀ ਯਹੋਵਾਹ ਦੇ ਅੱਗੇ ਹੈ, ਅਤੇ ਉਸ ਦੇ ਲਈ ਪ੍ਰਾਸਚਿਤ ਕਰੇ ਅਤੇ ਬਲ਼ਦ ਦੇ ਲਹੂ ਅਤੇ ਬੱਕਰੇ ਦੇ ਲਹੂ ਤੋਂ ਕੁਝ ਲੈ ਕੇ ਉਸ ਨੂੰ ਜਗਵੇਦੀ ਦੇ ਸਿੰਗਾਂ ਉੱਤੇ ਅਤੇ ਆਲੇ-ਦੁਆਲੇ ਛਿੜਕੇ। 19ਅਤੇ ਉਹ ਉਸ ਲਹੂ ਤੋਂ ਆਪਣੀ ਉਂਗਲ ਨਾਲ ਕੁਝ ਲੈ ਕੇ ਸੱਤ ਵਾਰੀ ਉਸ ਦੇ ਉੱਤੇ ਛਿੜਕੇ ਅਤੇ ਇਸਰਾਏਲੀਆਂ ਦੀ ਅਲੱਗ-ਅਲੱਗ ਅਸ਼ੁੱਧਤਾਈਆਂ ਤੋਂ ਉਸ ਨੂੰ ਪਵਿੱਤਰ ਕਰੇ।
ਪ੍ਰਾਸਚਿਤ ਦਾ ਬੱਕਰਾ
20ਜਦ ਉਹ ਪਵਿੱਤਰ ਸਥਾਨ ਅਤੇ ਮੰਡਲੀ ਦੇ ਡੇਰੇ ਅਤੇ ਜਗਵੇਦੀ ਦਾ ਪ੍ਰਾਸਚਿਤ ਪੂਰਾ ਕਰ ਲਵੇ ਤਾਂ ਜੀਉਂਦੇ ਬੱਕਰੇ ਨੂੰ ਲਿਆਵੇ, 21ਅਤੇ ਹਾਰੂਨ ਆਪਣੇ ਦੋਹਾਂ ਹੱਥਾਂ ਨੂੰ ਜੀਉਂਦੇ ਬੱਕਰੇ ਦੇ ਸਿਰ ਉੱਤੇ ਰੱਖੇ ਅਤੇ ਇਸਰਾਏਲੀਆਂ ਦੀਆਂ ਬਦੀਆਂ, ਉਨ੍ਹਾਂ ਦੇ ਸਾਰੇ ਪਾਪਾਂ, ਅਤੇ ਉਨ੍ਹਾਂ ਦੇ ਸਾਰੇ ਅਪਰਾਧਾਂ ਦਾ ਇਕਰਾਰ ਕਰੇ ਅਤੇ ਉਨ੍ਹਾਂ ਨੂੰ ਬੱਕਰੇ ਦੇ ਸਿਰ ਉੱਤੇ ਰੱਖ ਕੇ ਉਸ ਨੂੰ ਕਿਸੇ ਮਨੁੱਖ ਦੇ ਹੱਥ ਜਿਹੜਾ ਇਸ ਕੰਮ ਲਈ ਤਿਆਰ ਹੋਵੇ, ਉਜਾੜ ਵਿੱਚ ਭੇਜ ਦੇਵੇ। 22ਉਹ ਬੱਕਰਾ ਉਨ੍ਹਾਂ ਦੀਆਂ ਸਾਰੀਆਂ ਬਦੀਆਂ ਨੂੰ ਆਪਣੇ ਸਿਰ ਤੇ ਚੁੱਕ ਕੇ ਕਿਸੇ ਉਜਾੜ ਸਥਾਨ ਨੂੰ ਚੱਲਿਆ ਜਾਵੇ ਅਤੇ ਉਹ ਮਨੁੱਖ ਉਸ ਬੱਕਰੇ ਨੂੰ ਉਜਾੜ ਵਿੱਚ ਛੱਡ ਦੇਵੇ। 23ਤਦ ਹਾਰੂਨ ਮੰਡਲੀ ਦੇ ਡੇਰੇ ਵਿੱਚ ਆਵੇ ਅਤੇ ਜਿਹੜੇ ਕਤਾਨੀ ਬਸਤਰ ਉਸ ਨੇ ਪਵਿੱਤਰ ਸਥਾਨ ਵਿੱਚ ਜਾਣ ਦੇ ਵੇਲੇ ਪਹਿਨੇ ਸਨ, ਉਨ੍ਹਾਂ ਨੂੰ ਲਾਹ ਕੇ ਰੱਖ ਦੇਵੇ। 24ਫੇਰ ਉਹ ਕਿਸੇ ਪਵਿੱਤਰ ਸਥਾਨ ਵਿੱਚ ਪਾਣੀ ਨਾਲ ਨਹਾਵੇ, ਆਪਣੇ ਸਧਾਰਨ ਬਸਤਰ ਪਾਵੇ ਅਤੇ ਬਾਹਰ ਨਿੱਕਲ ਕੇ ਆਪਣੀ ਹੋਮ ਬਲੀ ਦੀ ਭੇਟ ਅਤੇ ਲੋਕਾਂ ਦੀ ਹੋਮ ਬਲੀ ਦੀ ਭੇਟ ਚੜ੍ਹਾਵੇ ਅਤੇ ਆਪਣੇ ਲਈ ਅਤੇ ਲੋਕਾਂ ਦੇ ਲਈ ਪ੍ਰਾਸਚਿਤ ਕਰੇ। 25ਅਤੇ ਪਾਪ ਬਲੀ ਦੀ ਭੇਟ ਦੀ ਚਰਬੀ ਨੂੰ ਉਹ ਜਗਵੇਦੀ ਉੱਤੇ ਸਾੜੇ। 26ਅਤੇ ਜਿਹੜਾ ਮਨੁੱਖ ਉਸ ਬੱਕਰੇ ਨੂੰ ਅਜ਼ਾਜ਼ੇਲ ਲਈ ਛੱਡ ਕੇ ਆਇਆ, ਉਹ ਵੀ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਫੇਰ ਡੇਰੇ ਵਿੱਚ ਆਵੇ। 27ਉਹ ਉਸ ਪਾਪ ਬਲੀ ਦੀ ਭੇਟ ਦੇ ਬਲ਼ਦ ਅਤੇ ਪਾਪ ਬਲੀ ਦੀ ਭੇਟ ਦੇ ਬੱਕਰੇ ਨੂੰ, ਜਿਨ੍ਹਾਂ ਦਾ ਲਹੂ ਪਵਿੱਤਰ ਸਥਾਨ ਵਿੱਚ ਪ੍ਰਾਸਚਿਤ ਕਰਨ ਲਈ ਲਿਆਂਦਾ ਗਿਆ ਸੀ, ਡੇਰੇ ਤੋਂ ਬਾਹਰ ਲੈ ਜਾਵੇ ਅਤੇ ਉਨ੍ਹਾਂ ਦੀਆਂ ਖੱਲਾਂ, ਮਾਸ ਅਤੇ ਗੋਹੇ ਨੂੰ ਅੱਗ ਵਿੱਚ ਸਾੜ ਦੇਵੇ। 28ਜਿਹੜਾ ਉਨ੍ਹਾਂ ਨੂੰ ਸਾੜੇ, ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਅਤੇ ਫੇਰ ਡੇਰੇ ਵਿੱਚ ਆਵੇ।
ਪ੍ਰਾਸਚਿਤ ਦਾ ਦਿਨ ਮੰਨਣਾ
29“ਇਹ ਤੁਹਾਡੇ ਲਈ ਇੱਕ ਸਦਾ ਦੀ ਬਿਧੀ ਠਹਿਰੇ, ਕਿ ਸੱਤਵੇਂ ਮਹੀਨੇ ਦੇ ਦਸਵੇਂ ਦਿਨ ਤੁਸੀਂ ਆਪਣੇ ਪ੍ਰਾਣਾਂ ਨੂੰ ਦੁੱਖ ਦੇਣਾ ਅਤੇ ਉਸ ਦਿਨ ਕੋਈ ਵੀ ਮਨੁੱਖ ਕੰਮ ਨਾ ਕਰੇ ਭਾਵੇਂ ਉਹ ਆਪਣੇ ਦੇਸ ਦਾ ਹੋਵੇ, ਭਾਵੇਂ ਪਰਦੇਸੀ ਜਿਹੜਾ ਤੁਹਾਡੇ ਵਿਚਕਾਰ ਰਹਿੰਦਾ ਹੈ, 30ਕਿਉਂ ਜੋ ਉਸੇ ਦਿਨ ਜਾਜਕ ਤੁਹਾਨੂੰ ਸ਼ੁੱਧ ਕਰਨ ਲਈ ਤੁਹਾਡੇ ਲਈ ਪ੍ਰਾਸਚਿਤ ਕਰੇ ਤਾਂ ਜੋ ਤੁਸੀਂ ਆਪਣੇ ਸਾਰੇ ਪਾਪਾਂ ਤੋਂ ਯਹੋਵਾਹ ਦੇ ਅੱਗੇ ਸ਼ੁੱਧ ਹੋਵੋ। 31ਇਹ ਤੁਹਾਡੇ ਲਈ ਇੱਕ ਮਹਾਂ-ਵਿਸ਼ਰਾਮ ਦਾ ਦਿਨ ਹੋਵੇ ਅਤੇ ਇੱਕ ਸਦਾ ਦੀ ਬਿਧੀ ਦੇ ਅਨੁਸਾਰ ਤੁਸੀਂ ਆਪਣੇ ਪ੍ਰਾਣਾਂ ਨੂੰ ਦੁੱਖ ਦੇਣਾ। 32ਜਿਸ ਦਾ ਆਪਣੇ ਪਿਤਾ ਦੇ ਥਾਂ ਉੱਤੇ ਜਾਜਕ ਹੋਣ ਲਈ ਮਸਹ ਕੀਤਾ ਜਾਵੇ, ਉਹ ਜਾਜਕ ਪ੍ਰਾਸਚਿਤ ਕਰੇ ਅਤੇ ਕਤਾਨ ਦੇ ਪਵਿੱਤਰ ਬਸਤਰਾਂ ਨੂੰ ਪਹਿਨੇ। 33ਉਹ ਪਵਿੱਤਰ ਸਥਾਨ ਦੇ ਲਈ, ਮੰਡਲੀ ਦੇ ਡੇਰੇ ਦੇ ਲਈ ਅਤੇ ਜਗਵੇਦੀ ਦੇ ਲਈ ਪ੍ਰਾਸਚਿਤ ਕਰੇ ਅਤੇ ਉਹ ਜਾਜਕਾਂ ਦੇ ਲਈ ਅਤੇ ਮੰਡਲੀ ਦੇ ਸਾਰੇ ਲੋਕਾਂ ਦੇ ਲਈ ਪ੍ਰਾਸਚਿਤ ਕਰੇ।
34“ਇਹ ਤੁਹਾਡੇ ਲਈ ਇੱਕ ਸਦਾ ਦੀ ਬਿਧੀ ਠਹਿਰੇ ਕਿ ਤੁਸੀਂ ਇਸਰਾਏਲੀਆਂ ਦੇ ਸਾਰੇ ਪਾਪਾਂ ਦੇ ਲਈ ਸਾਲ ਵਿੱਚ ਇੱਕ ਵਾਰੀ ਪ੍ਰਾਸਚਿਤ ਕਰੋ।” ਹਾਰੂਨ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
Currently Selected:
ਲੇਵੀਆਂ 16: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.