ਹਿਜ਼ਕੀਏਲ 44
44
ਪੂਰਬੀ ਫਾਟਕ ਦਾ ਉਪਯੋਗ
1ਤਦ ਉਹ ਮਨੁੱਖ ਮੈਨੂੰ ਪਵਿੱਤਰ ਸਥਾਨ ਦੇ ਬਾਹਰਲੇ ਫਾਟਕ ਦੇ ਰਾਹ ਵਿੱਚੋਂ ਜਿਸ ਦਾ ਮੂੰਹ ਪੂਰਬ ਵੱਲ ਹੈ ਮੋੜ ਕੇ ਲਿਆਇਆ ਅਤੇ ਉਹ ਬੰਦ ਸੀ। 2ਯਹੋਵਾਹ ਨੇ ਮੈਨੂੰ ਆਖਿਆ ਕਿ ਇਹ ਫਾਟਕ ਬੰਦ ਰਹੇਗਾ ਅਤੇ ਖੋਲ੍ਹਿਆ ਨਹੀਂ ਜਾਵੇਗਾ, ਨਾ ਕੋਈ ਮਨੁੱਖ ਅੰਦਰ ਵੜੇਗਾ ਕਿਉਂ ਜੋ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਵਿੱਚੋਂ ਅੰਦਰ ਆਇਆ ਹੈ, ਇਸ ਲਈ ਇਹ ਬੰਦ ਰਹੇਗਾ। 3ਪਰ ਰਾਜਕੁਮਾਰ ਇਸ ਲਈ ਕਿ ਉਹ ਰਾਜਕੁਮਾਰ ਹੈ ਯਹੋਵਾਹ ਦੇ ਸਾਹਮਣੇ ਰੋਟੀ ਖਾਣ ਲਈ ਇਸ ਵਿੱਚ ਬੈਠੇਗਾ, ਉਹ ਇਹ ਫਾਟਕ ਦੀ ਡਿਉੜ੍ਹੀ ਦੇ ਰਾਹ ਅੰਦਰ ਆਵੇਗਾ ਅਤੇ ਇਸੇ ਰਾਹ ਵਿੱਚੋਂ ਬਾਹਰ ਜਾਵੇਗਾ।
ਹੈਕਲ ਦੇ ਵਿੱਚ ਦਾਖਲ ਹੋਣ ਦੇ ਨਿਯਮ
4ਫੇਰ ਉਹ ਮੈਨੂੰ ਉੱਤਰੀ ਫਾਟਕ ਦੇ ਰਾਹ ਵਿੱਚੋਂ ਭਵਨ ਦੇ ਸਾਹਮਣੇ ਲਿਆਇਆ ਅਤੇ ਮੈਂ ਡਿੱਠਾ ਤਾਂ ਵੇਖੋ, ਯਹੋਵਾਹ ਦੇ ਪਰਤਾਪ ਨੇ ਯਹੋਵਾਹ ਦੇ ਭਵਨ ਨੂੰ ਭਰ ਦਿੱਤਾ ਅਤੇ ਮੈਂ ਮੂੰਹ ਭਾਰ ਡਿੱਗਿਆ। 5ਯਹੋਵਾਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਆਪਣਾ ਦਿਲ ਲਾ ਅਤੇ ਆਪਣੀਆਂ ਅੱਖਾਂ ਨਾਲ ਵੇਖ ਅਤੇ ਜੋ ਕੁਝ ਯਹੋਵਾਹ ਦੇ ਭਵਨ ਦੀਆਂ ਸਾਰੀਆਂ ਬਿਧੀਆਂ ਅਤੇ ਉਸ ਦੀ ਸਾਰੀ ਬਿਵਸਥਾ ਲਈ, ਜੋ ਮੈਂ ਤੈਨੂੰ ਬੋਲਦਾ ਹਾਂ ਆਪਣੇ ਕੰਨਾਂ ਨਾਲ ਸੁਣ ਅਤੇ ਭਵਨ ਦੇ ਅੰਦਰ ਆਉਣ ਦੇ ਰਾਹ ਉੱਤੇ ਅਤੇ ਪਵਿੱਤਰ ਸਥਾਨ ਤੋਂ ਬਾਹਰ ਜਾਣ ਦੇ ਰਾਹ ਉੱਤੇ ਆਪਣਾ ਧਿਆਨ ਲਾ। 6ਤੂੰ ਇਸਰਾਏਲ ਦੇ ਘਰਾਣੇ ਦੇ ਆਕੀਆਂ ਨੂੰ ਆਖਣਾ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਇਸਰਾਏਲ ਦੇ ਘਰਾਣੇ, ਤੂੰ ਆਪਣੇ ਸਾਰੇ ਘਿਣਾਉਣੇ ਕੰਮਾਂ ਨੂੰ ਆਪਣੇ ਲਈ ਕਾਫ਼ੀ ਸਮਝੀਂ। 7ਸੋ ਜਦ ਤੁਸੀਂ ਮੇਰੀ ਰੋਟੀ, ਚਰਬੀ ਅਤੇ ਲਹੂ ਚੜ੍ਹਾਉਂਦੇ ਹੋ, ਤਾਂ ਬੇਸੁੰਨਤੇ ਦਿਲ ਵਾਲੇ ਅਤੇ ਬੇਸੁੰਨਤੇ ਮਾਸ ਵਾਲੀ ਓਪਰੀ ਸੰਤਾਨ ਨੂੰ ਮੇਰੇ ਪਵਿੱਤਰ ਸਥਾਨ ਵਿੱਚ ਲਿਆਏ, ਤਾਂ ਜੋ ਉਹ ਮੇਰੇ ਭਵਨ ਨੂੰ ਵੀ ਪਲੀਤ ਕਰਨ ਅਤੇ ਉਹਨਾਂ ਨੇ ਤੁਹਾਡੇ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਮੇਰੇ ਨੇਮ ਨੂੰ ਤੋੜਿਆ। 8ਤੁਸੀਂ ਮੇਰੀਆਂ ਪਵਿੱਤਰ ਚੀਜ਼ਾਂ ਦੀ ਰਾਖੀ ਨਾ ਕੀਤੀ ਸਗੋਂ ਤੁਸੀਂ ਓਪਰਿਆਂ ਨੂੰ ਆਪਣੀ ਵੱਲੋਂ ਮੇਰੇ ਪਵਿੱਤਰ ਸਥਾਨ ਦਾ ਰਾਖ਼ਾ ਥਾਪ ਦਿੱਤਾ। 9ਪ੍ਰਭੂ ਯਹੋਵਾਹ ਇਹ ਆਖਦਾ ਹੈ, ਸਾਰੀ ਓਪਰੀ ਸੰਤਾਨ ਵਿੱਚੋਂ ਜਿਹੜੇ ਓਪਰੀ ਸੰਤਾਨ ਦੇ ਇਸਰਾਏਲੀਆਂ ਦੇ ਵਿੱਚ ਹਨ, ਕੋਈ ਦਿਲ ਦਾ ਬੇਸੁੰਨਤਾ ਜਾਂ ਮਾਸ ਦਾ ਬੇਸੁੰਨਤਾ ਮੇਰੇ ਪਵਿੱਤਰ ਸਥਾਨ ਵਿੱਚ ਨਾ ਵੜੇਗਾ।
ਲੇਵੀ ਜਾਜਕ ਪਦ ਤੋਂ ਅਲੱਗ ਕੀਤੇ ਗਏ
10ਪਰ ਲੇਵੀ ਜੋ ਮੇਰੇ ਕੋਲੋਂ ਦੂਰ ਹੋ ਗਏ, ਜਦੋਂ ਇਸਰਾਏਲੀ ਕੁਰਾਹੇ ਪੈ ਗਏ, ਕਿਉਂ ਜੋ ਉਹ ਆਪਣੀ ਮੂਰਤੀਆਂ ਦੇ ਪਿੱਛੇ ਲੱਗ ਕੇ ਮੇਰੇ ਕੋਲੋਂ ਪਰੇ ਹਟੇ, ਉਹ ਆਪਣੀ ਬਦੀ ਨੂੰ ਚੁੱਕਣਗੇ। 11ਤਾਂ ਵੀ ਉਹ ਮੇਰੇ ਪਵਿੱਤਰ ਸਥਾਨ ਵਿੱਚ ਸੇਵਾਦਾਰ ਹੋਣਗੇ ਅਤੇ ਮੇਰੇ ਭਵਨ ਦੇ ਫਾਟਕਾਂ ਤੇ ਰਾਖੀ ਕਰਨਗੇ ਅਤੇ ਮੇਰੇ ਭਵਨ ਵਿੱਚ ਸੇਵਾ ਕਰਨਗੇ। ਉਹ ਲੋਕਾਂ ਦੇ ਲਈ ਹੋਮ ਦੀ ਭੇਟ ਅਤੇ ਬਲੀ ਨੂੰ ਕੱਟਣਗੇ ਅਤੇ ਉਹਨਾਂ ਦੇ ਸਾਹਮਣੇ ਉਹਨਾਂ ਦੀ ਸੇਵਾ ਦੇ ਲਈ ਖੜ੍ਹੇ ਰਹਿਣਗੇ। 12ਕਿਉਂ ਜੋ ਉਹਨਾਂ ਨੇ ਉਹਨਾਂ ਦੇ ਲਈ ਮੂਰਤੀਆਂ ਦੀ ਸੇਵਾ ਕੀਤੀ ਅਤੇ ਇਸਰਾਏਲ ਦੇ ਘਰਾਣੇ ਲਈ ਪਾਪਾਂ ਵਿੱਚ ਠੋਕਰ ਦਾ ਕਾਰਨ ਬਣੇ, ਇਸ ਲਈ ਮੈਂ ਉਹਨਾਂ ਉੱਤੇ ਆਪਣਾ ਹੱਥ ਚੁੱਕਿਆ ਅਤੇ ਉਹ ਆਪਣੀ ਬਦੀ ਨੂੰ ਚੁੱਕਣਗੇ, ਪ੍ਰਭੂ ਯਹੋਵਾਹ ਦਾ ਵਾਕ ਹੈ। 13ਉਹ ਮੇਰੇ ਨੇੜੇ ਨਾ ਆ ਸਕਣਗੇ ਕਿ ਮੇਰੇ ਦਰਬਾਰ ਵਿੱਚ ਜਾਜਕ ਬਣਨ, ਨਾ ਉਹ ਮੇਰੀਆਂ ਪਵਿੱਤਰ ਵਸਤੂਆਂ ਦੇ ਨੇੜੇ ਆਉਣਗੇ ਅਰਥਾਤ ਅੱਤ ਪਵਿੱਤਰ ਵਸਤੂਆਂ ਦੇ ਕੋਲ ਸਗੋਂ ਉਹ ਆਪਣੀ ਨਮੋਸ਼ੀ ਉਠਾਉਣਗੇ ਅਤੇ ਆਪਣੇ ਘਿਣਾਉਣੇ ਕੰਮ ਜੋ ਉਹਨਾਂ ਕੀਤੇ। 14ਤਾਂ ਵੀ ਮੈਂ ਉਹਨਾਂ ਨੂੰ ਭਵਨ ਦੀ ਰਾਖੀ ਲਈ ਅਤੇ ਉਸ ਦੀ ਸਾਰੀ ਸੇਵਾ ਲਈ ਅਤੇ ਉਸ ਸਾਰੇ ਕੰਮ ਲਈ ਜੋ ਉਸ ਵਿੱਚ ਕੀਤਾ ਜਾਵੇਗਾ ਰਾਖੇ ਥਾਪਾਂਗਾ।
ਜਾਜਕ
15ਪਰ ਲੇਵੀ ਜਾਜਕ ਅਰਥਾਤ ਸਾਦੋਕ ਦੀ ਵੰਸ਼ ਜੋ ਮੇਰੇ ਪਵਿੱਤਰ ਸਥਾਨ ਦੀ ਰਾਖੀ ਕਰਦੇ ਸਨ, ਜਦੋਂ ਇਸਰਾਏਲੀ ਮੇਰੇ ਕੋਲੋਂ ਬੇਮੁੱਖ ਹੋ ਗਏ, ਤਾਂ ਮੇਰੀ ਸੇਵਾ ਲਈ ਮੇਰੇ ਨੇੜੇ ਆਉਣਗੇ ਅਤੇ ਮੇਰੇ ਸਨਮੁਖ ਖਲੋਤੇ ਰਹਿਣਗੇ, ਤਾਂ ਜੋ ਮੇਰੇ ਸਾਹਮਣੇ ਚਰਬੀ ਅਤੇ ਲਹੂ ਚੜ੍ਹਾਉਣ, ਪ੍ਰਭੂ ਯਹੋਵਾਹ ਦਾ ਵਾਕ ਹੈ। 16ਉਹ ਮੇਰੇ ਪਵਿੱਤਰ ਸਥਾਨ ਵਿੱਚ ਵੜਨਗੇ ਅਤੇ ਉਹੀ ਸੇਵਾ ਲਈ ਮੇਰੀ ਮੇਜ਼ ਦੇ ਨੇੜੇ ਆਉਣਗੇ, ਭਈ ਮੇਰੀ ਸੇਵਾ ਕਰਨ ਅਤੇ ਉਹ ਮੇਰੇ ਫਰਜ਼ ਦੀ ਪਾਲਣਾ ਕਰਨਗੇ। 17ਇਸ ਤਰ੍ਹਾਂ ਹੋਵੇਗਾ ਕਿ ਜਿਸ ਵੇਲੇ ਉਹ ਅੰਦਰਲੇ ਵੇਹੜੇ ਦੇ ਫਾਟਕਾਂ ਵਿੱਚੋਂ ਅੰਦਰ ਵੜਨਗੇ, ਤਾਂ ਕਤਾਨੀ ਕੱਪੜੇ ਪਹਿਨੇ ਹੋਣਗੇ ਅਤੇ ਜਿੰਨਾਂ ਚਿਰ ਤੱਕ ਅੰਦਰਲੇ ਵੇਹੜੇ ਅਤੇ ਭਵਨ ਵਿੱਚ ਸੇਵਾ ਕਰਨਗੇ, ਕੋਈ ਊਨੀ ਕੱਪੜਾ ਨਾ ਪਹਿਨਣਗੇ। 18ਉਹ ਆਪਣੇ ਸਿਰਾਂ ਉੱਤੇ ਕਤਾਨੀ ਅਮਾਮੇ ਅਤੇ ਲੱਕ ਤੇ ਕਤਾਨੀ ਪਜਾਮੇ ਪਹਿਨਣਗੇ। ਜਿਹੜੀ ਵਸਤੂ ਪਸੀਨੇ ਦਾ ਕਾਰਨ ਹੋਵੇ ਆਪਣੇ ਲੱਕ ਤੇ ਨਾ ਬੰਨ੍ਹਣ। 19ਜਦੋਂ ਬਾਹਰਲੇ ਵੇਹੜੇ ਅਰਥਾਤ ਲੋਕਾਂ ਦੇ ਬਾਹਰਲੇ ਵੇਹੜੇ ਵਿੱਚ ਨਿੱਕਲ ਆਉਣ, ਤਾਂ ਆਪਣੇ ਸੇਵਾ ਸਮੇਂ ਦੇ ਲੀੜੇ ਲਾਹ ਕੇ ਪਵਿੱਤਰ ਕੋਠੜੀਆਂ ਵਿੱਚ ਰੱਖਣਗੇ ਅਤੇ ਦੂਜੇ ਲੀੜੇ ਪਾ ਲੈਣਗੇ, ਤਾਂ ਜੋ ਆਪਣੇ ਬਸਤਰਾਂ ਕਰਕੇ ਆਮ ਲੋਕਾਂ ਨੂੰ ਪਵਿੱਤਰ ਨਾ ਕਰਨ। 20ਨਾ ਉਹ ਆਪਣਾ ਸਿਰ ਮੁਨਾਉਣਗੇ, ਨਾ ਵਾਲ਼ ਵਧਾਉਣਗੇ। ਉਹ ਕੇਵਲ ਆਪਣੇ ਸਿਰ ਦੇ ਵਾਲ਼ ਕਤਰਾਉਣਗੇ। 21ਜਦੋਂ ਅੰਦਰਲੇ ਵੇਹੜੇ ਵਿੱਚ ਆਉਣ ਤਾਂ ਕੋਈ ਜਾਜਕ ਮੈ ਨਾ ਪੀਵੇ। 22ਉਹ ਵਿਧਵਾ ਜਾਂ ਛੁੱਟੜ ਔਰਤ ਨਾਲ ਵਿਆਹ ਨਾ ਕਰਨਗੇ, ਸਗੋਂ ਇਸਰਾਏਲ ਦੇ ਘਰਾਣੇ ਦੀ ਨਸਲ ਦੀਆਂ ਕੁਆਰੀਆਂ ਕੁੜੀਆਂ ਨਾਲ, ਜਾਂ ਉਸ ਵਿਧਵਾ ਨਾਲ ਜੋ ਕਿਸੇ ਜਾਜਕ ਦੀ ਵਿਧਵਾ ਹੋਵੇ ਵਿਆਹ ਕਰਾਉਣਗੇ। 23ਉਹ ਮੇਰੇ ਲੋਕਾਂ ਨੂੰ ਪਵਿੱਤਰ ਅਤੇ ਅਪਵਿੱਤਰ ਵਿੱਚ ਫ਼ਰਕ ਦੱਸਣਗੇ ਅਤੇ ਉਹਨਾਂ ਨੂੰ ਸ਼ੁੱਧ ਅਤੇ ਅਸ਼ੁੱਧ ਦੀ ਪਛਾਣ ਕਰਨਾ ਸਿਖਾਉਣਗੇ। 24ਉਹ ਝਗੜਿਆਂ ਦੇ ਨਿਆਂ ਕਰਨ ਲਈ ਖਲੋਣਗੇ ਅਤੇ ਮੇਰੇ ਨਿਆਂਵਾਂ ਦੇ ਅਨੁਸਾਰ ਨਿਆਂ ਕਰਨਗੇ। ਉਹ ਮੇਰੀ ਬਿਵਸਥਾ ਦੀ ਤੇ ਮੇਰੀਆਂ ਬਿਧੀਆਂ ਦੀ ਅਤੇ ਮੇਰੇ ਸਾਰੇ ਠਹਿਰਾਏ ਹੋਏ ਪਰਬਾਂ ਦੀ ਤੇ ਮੇਰੇ ਪਵਿੱਤਰ ਸਬਤਾਂ ਦੀ ਪਾਲਣਾ ਕਰਨਗੇ। 25ਉਹ ਕਿਸੇ ਮੁਰਦੇ ਮਨੁੱਖ ਦੇ ਨੇੜੇ ਜਾ ਕੇ ਆਪਣੇ ਆਪ ਨੂੰ ਭਰਿਸ਼ਟ ਨਾ ਕਰਨਗੇ, ਪਰ ਕੇਵਲ ਪਿਤਾ, ਮਾਤਾ, ਪੁੱਤਰ, ਧੀ, ਭਰਾ ਜਾਂ ਭੈਣ ਜਿਹ ਦਾ ਮਨੁੱਖ ਨਾ ਹੋਵੇ, ਦੇ ਲਈ ਉਹ ਆਪਣੇ ਆਪ ਨੂੰ ਭਰਿਸ਼ਟ ਕਰਨ। 26ਉਹ ਉਸ ਦੇ ਪਾਕ ਹੋਣ ਦੇ ਮਗਰੋਂ ਉਹ ਦੇ ਲਈ ਹੋਰ ਸੱਤ ਦਿਨ ਗਿਣਨਗੇ। 27ਜਿਸ ਦਿਨ ਉਹ ਪਵਿੱਤਰ ਸਥਾਨ ਦੇ ਅੰਦਰ, ਅੰਦਰਲੇ ਵਿਹੜੇ ਵਿੱਚ ਸੇਵਾ ਕਰਨ ਲਈ ਜਾਵੇ, ਤਾਂ ਆਪਣੇ ਲਈ ਪਾਪ ਬਲੀ ਚੜ੍ਹਾਵੇਗਾ, ਪ੍ਰਭੂ ਯਹੋਵਾਹ ਦਾ ਵਾਕ ਹੈ। 28ਉਹਨਾਂ ਦੇ ਲਈ ਇੱਕ ਮਿਰਾਸ ਹੋਵੇਗੀ, ਮੈਂ ਹੀ ਉਹਨਾਂ ਦੀ ਮਿਰਾਸ ਹਾਂ, ਅਤੇ ਤੁਸੀਂ ਇਸਰਾਏਲ ਵਿੱਚ ਉਹਨਾਂ ਨੂੰ ਕੋਈ ਮਿਲਖ਼ ਨਾ ਦੇਣਾ, ਮੈਂ ਹੀ ਉਹਨਾਂ ਦੀ ਮਿਲਖ਼ ਹਾਂ। 29ਉਹ ਮੈਦੇ ਦੀ ਭੇਟ, ਪਾਪ ਦੀ ਭੇਟ ਅਤੇ ਦੋਸ਼ ਦੀ ਭੇਟ ਖਾਣਗੇ ਅਤੇ ਹਰੇਕ ਵਸਤੂ ਜਿਹੜੀ ਇਸਰਾਏਲ ਵਿੱਚ ਅਰਪਣ ਕੀਤੀ ਜਾਵੇ, ਉਹਨਾਂ ਦੀ ਹੀ ਹੋਵੇਗੀ। 30ਸਾਰੀਆਂ ਚੀਜ਼ਾਂ ਦੇ ਪਹਿਲੇ ਫਲਾਂ ਦਾ ਪਹਿਲਾ ਹਿੱਸਾ ਅਤੇ ਤੁਹਾਡੀਆਂ ਸਾਰੀਆਂ ਚੁੱਕਣ ਵਾਲੀਆਂ ਭੇਟਾਂ ਵਿੱਚੋਂ ਹਰ ਚੀਜ਼ ਦੀ ਭੇਟ ਜਾਜਕ ਦੇ ਲਈ ਹੋਵੇਗੀ। ਤੁਸੀਂ ਆਪਣੇ ਪਹਿਲੇ ਗੁੰਨ੍ਹੇ ਹੋਏ ਆਟੇ ਵਿੱਚੋਂ ਜਾਜਕ ਨੂੰ ਦੇਣਾ, ਤਾਂ ਜੋ ਤੇਰੇ ਘਰ ਵਿੱਚ ਬਰਕਤ ਹੋਵੇ। 31ਪਰ ਉਹ ਜਿਹੜਾ ਆਪ ਹੀ ਮਰ ਗਿਆ ਹੋਵੇ ਜਾਂ ਦਰਿੰਦਿਆਂ ਦਾ ਫਾੜਿਆ ਹੋਵੇ, ਕੀ ਪੰਛੀ, ਕੀ ਪਸ਼ੂ, ਜਾਜਕ ਉਹ ਨੂੰ ਨਾ ਖਾਣ।
Currently Selected:
ਹਿਜ਼ਕੀਏਲ 44: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.