ਯੂਹੰਨਾ 1

1
ਸ਼ਬਦ#1:1 ਸ਼ਬਦ ਯਿਸੂ ।
1ਸ੍ਰਿਸ਼ਟੀ ਦੇ ਰਚੇ ਜਾਣ ਤੋਂ ਪਹਿਲਾਂ ਸ਼ਬਦ ਸੀ । ਸ਼ਬਦ ਪਰਮੇਸ਼ਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ਰ ਸੀ । 2ਉਹ ਸ਼ੁਰੂ ਤੋਂ ਹੀ ਪਰਮੇਸ਼ਰ ਦੇ ਨਾਲ ਸੀ । 3ਉਸ ਦੇ ਰਾਹੀਂ ਪਰਮੇਸ਼ਰ ਨੇ ਸਾਰੀਆਂ ਚੀਜ਼ਾਂ ਦੀ ਰਚਨਾ ਕੀਤੀ । ਸ੍ਰਿਸ਼ਟੀ ਦੀ ਕੋਈ ਵੀ ਚੀਜ਼ ਉਸ ਦੇ ਬਿਨਾਂ ਨਾ ਰਚੀ ਗਈ । 4ਉਸ ਵਿੱਚ ਜੀਵਨ ਸੀ ਅਤੇ ਇਹ ਜੀਵਨ ਮਨੁੱਖਤਾ ਦਾ ਚਾਨਣ ਸੀ । 5ਚਾਨਣ ਹਨੇਰੇ ਵਿੱਚ ਚਮਕਦਾ ਹੈ ਪਰ ਹਨੇਰੇ ਨੇ ਇਸ ਉੱਤੇ ਕਦੀ ਵੀ ਜਿੱਤ ਨਾ ਪਾਈ ।
6 # ਮੱਤੀ 3:1, ਮਰ 1:4, ਲੂਕਾ 3:1-2 ਪਰਮੇਸ਼ਰ ਨੇ ਆਪਣੇ ਇੱਕ ਆਦਮੀ ਨੂੰ ਭੇਜਿਆ ਜਿਸ ਦਾ ਨਾਂ ਯੂਹੰਨਾ ਸੀ । 7ਉਹ ਚਾਨਣ ਦੇ ਬਾਰੇ ਗਵਾਹੀ ਦੇਣ ਆਇਆ ਤਾਂ ਜੋ ਸਾਰੇ ਲੋਕ ਉਸ ਦੀ ਗਵਾਹੀ ਸੁਣ ਕੇ ਵਿਸ਼ਵਾਸ ਕਰਨ । 8ਉਹ ਆਪ ਤਾਂ ਚਾਨਣ ਨਹੀਂ ਸੀ ਪਰ ਚਾਨਣ ਦੇ ਬਾਰੇ ਗਵਾਹੀ ਦੇਣ ਦੇ ਲਈ ਆਇਆ ਸੀ ।
9ਸੱਚਾ ਚਾਨਣ#1:9 ਸੱਚਾ ਚਾਨਣਯਿਸੂ । ਜਿਹੜਾ ਹਰ ਮਨੁੱਖ ਨੂੰ ਪ੍ਰਕਾਸ਼ਿਤ ਕਰਦਾ ਹੈ, ਸੰਸਾਰ ਵਿੱਚ ਆ ਰਿਹਾ ਸੀ । 10ਉਹ ਸੰਸਾਰ ਵਿੱਚ ਸਨ ਅਤੇ ਪਰਮੇਸ਼ਰ ਨੇ ਸਾਰਾ ਸੰਸਾਰ ਉਹਨਾਂ ਦੇ ਦੁਆਰਾ ਰਚਿਆ ਪਰ ਫਿਰ ਵੀ ਸੰਸਾਰ ਨੇ ਉਹਨਾਂ ਨੂੰ ਨਾ ਜਾਣਿਆ । 11ਉਹ ਆਪਣੇ ਲੋਕਾਂ ਕੋਲ ਆਏ ਪਰ ਉਹਨਾਂ ਦੇ ਆਪਣਿਆਂ ਨੇ ਉਹਨਾਂ ਨੂੰ ਸਵੀਕਾਰ ਨਾ ਕੀਤਾ ਅਤੇ ਉਹਨਾਂ ਵਿੱਚ ਵਿਸ਼ਵਾਸ ਨਾ ਕੀਤਾ । 12ਪਰ ਜਿੰਨਿਆਂ ਨੇ ਉਹਨਾਂ ਨੂੰ ਸਵੀਕਾਰ ਕੀਤਾ ਅਤੇ ਉਹਨਾਂ ਦੇ ਨਾਮ ਵਿੱਚ ਵਿਸ਼ਵਾਸ ਕੀਤਾ, ਉਹਨਾਂ ਸਾਰਿਆਂ ਨੂੰ ਉਹਨਾਂ ਨੇ ਪਰਮੇਸ਼ਰ ਦੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ । 13ਉਹਨਾਂ ਦਾ ਜਨਮ ਨਾ ਖ਼ੂਨ ਤੋਂ, ਨਾ ਸਰੀਰਕ ਇੱਛਾ ਅਤੇ ਨਾ ਹੀ ਮਨੁੱਖ ਦੀ ਇੱਛਾ ਤੋਂ ਹੋਇਆ ਸਗੋਂ ਉਹ ਪਰਮੇਸ਼ਰ ਦੀ ਆਪਣੀ ਇੱਛਾ ਨਾਲ ਉਹਨਾਂ ਦੀ ਸੰਤਾਨ ਬਣੇ ।
14ਸ਼ਬਦ ਨੇ ਦੇਹ ਧਾਰ ਕੇ ਸਾਡੇ ਵਿਚਕਾਰ ਵਾਸ ਕੀਤਾ । ਅਸੀਂ ਉਹਨਾਂ ਦਾ ਪ੍ਰਤਾਪ ਦੇਖਿਆ ਜਿਹੜਾ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਸੀ । ਇਹ ਪ੍ਰਤਾਪ ਉਹਨਾਂ ਨੂੰ ਪਿਤਾ ਦੇ ਇੱਕਲੌਤੇ ਪੁੱਤਰ ਹੋਣ ਦੇ ਕਾਰਨ ਮਿਲਿਆ ਸੀ ।
15ਉਹਨਾਂ ਦੇ ਬਾਰੇ ਯੂਹੰਨਾ ਨੇ ਇਸ ਤਰ੍ਹਾਂ ਗਵਾਹੀ ਦਿੱਤੀ । ਯੂਹੰਨਾ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, “ਇਹ ਉਹ ਹੀ ਹਨ ਜਿਹਨਾਂ ਦੇ ਬਾਰੇ ਮੈਂ ਕਿਹਾ ਸੀ, ‘ਮੇਰੇ ਬਾਅਦ ਆਉਣ ਵਾਲੇ ਮੇਰੇ ਤੋਂ ਮਹਾਨ ਹਨ, ਕਿਉਂਕਿ ਉਹ ਮੇਰੇ ਜਨਮ ਤੋਂ ਪਹਿਲਾਂ ਹੀ ਮੌਜੂਦ ਸਨ ।’”
16ਅਸੀਂ ਸਾਰਿਆਂ ਨੇ ਉਹਨਾਂ ਦੀ ਭਰਪੂਰੀ ਵਿੱਚੋਂ ਬੇਅੰਤ ਕਿਰਪਾ ਪ੍ਰਾਪਤ ਕੀਤੀ । 17ਪਰਮੇਸ਼ਰ ਨੇ ਵਿਵਸਥਾ ਤਾਂ ਮੂਸਾ ਦੇ ਦੁਆਰਾ ਦਿੱਤੀ ਪਰ ਕਿਰਪਾ ਅਤੇ ਸੱਚਾਈ ਯਿਸੂ ਮਸੀਹ ਦੇ ਦੁਆਰਾ ਆਏ । 18ਪਰਮੇਸ਼ਰ ਨੂੰ ਕਿਸੇ ਨੇ ਕਦੀ ਨਹੀਂ ਦੇਖਿਆ, ਕੇਵਲ ਪਰਮੇਸ਼ਰ ਦੇ ਇੱਕਲੌਤੇ ਨੇ ਜਿਹੜੇ ਆਪ ਪਰਮੇਸ਼ਰ ਹਨ ਅਤੇ ਪਿਤਾ ਦੇ ਨਾਲ ਹਨ, ਉਹਨਾਂ ਨੇ ਹੀ ਪਿਤਾ ਨੂੰ ਸਾਡੇ ਉੱਤੇ ਪ੍ਰਗਟ ਕੀਤਾ ।
ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗਵਾਹੀ
19ਯੂਹੰਨਾ ਦੀ ਗਵਾਹੀ ਇਹ ਹੈ, ਜਦੋਂ ਯਰੂਸ਼ਲਮ ਤੋਂ ਯਹੂਦੀਆਂ ਨੇ ਪੁਰੋਹਿਤਾਂ ਅਤੇ ਹੈਕਲ ਦੇ ਸੇਵਾਦਾਰਾਂ#1:19 ਲੇਵੀ । ਨੂੰ ਭੇਜਿਆ ਕਿ ਉਹ ਯੂਹੰਨਾ ਕੋਲੋਂ ਪੁੱਛਣ, “ਤੂੰ ਕੌਣ ਹੈਂ ?” 20ਤਦ ਯੂਹੰਨਾ ਨੇ ਜਵਾਬ ਦੇਣ ਤੋਂ ਇਨਕਾਰ ਨਹੀਂ ਕੀਤਾ ਅਤੇ ਸਾਫ਼-ਸਾਫ਼ ਉੱਤਰ ਦਿੱਤਾ, “ਮੈਂ ਮਸੀਹ ਨਹੀਂ ਹਾਂ ।” 21#ਵਿਵ 18:15-18, ਮਲਾ 4:5ਉਹਨਾਂ ਨੇ ਪੁੱਛਿਆ, “ਫਿਰ ਤੂੰ ਕੌਣ ਹੈਂ ? ਕੀ ਤੂੰ ਏਲੀਯਾਹ ਨਬੀ ਹੈਂ ?” ਯੂਹੰਨਾ ਨੇ ਕਿਹਾ, “ਨਹੀਂ ।” “ਕੀ ਤੂੰ ਆਉਣ ਵਾਲਾ ਨਬੀ ਹੈਂ ?” ਉਸ ਨੇ ਉੱਤਰ ਦਿੱਤਾ, “ਨਹੀਂ ।” 22ਤਦ ਉਹਨਾਂ ਨੇ ਪੁੱਛਿਆ, “ਫਿਰ ਤੂੰ ਕੌਣ ਹੈਂ ? ਸਾਨੂੰ ਦੱਸ ਤਾਂ ਜੋ ਅਸੀਂ ਆਪਣੇ ਭੇਜਣ ਵਾਲਿਆਂ ਨੂੰ ਉੱਤਰ ਦੇ ਸਕੀਏ । ਤੂੰ ਆਪਣੇ ਬਾਰੇ ਕੀ ਕਹਿੰਦਾ ਹੈਂ ?” 23#ਯਸਾ 40:3ਯੂਹੰਨਾ ਨੇ ਉੱਤਰ ਦਿੱਤਾ, “ਜਿਸ ਤਰ੍ਹਾਂ ਯਸਾਯਾਹ ਨਬੀ ਦੀ ਪੁਸਤਕ ਵਿੱਚ ਲਿਖਿਆ ਹੈ,
ਮੈਂ ਉਜਾੜ ਵਿੱਚ ਪੁਕਾਰਨ ਵਾਲੇ ਦੀ ਆਵਾਜ਼ ਹਾਂ ਕਿ ਪ੍ਰਭੂ ਦਾ ਰਾਹ ਸਿੱਧਾ ਕਰੋ ।”
24ਕੁਝ ਫ਼ਰੀਸੀ ਵੀ ਯੂਹੰਨਾ ਕੋਲ ਭੇਜੇ ਗਏ ਸਨ । 25ਉਹਨਾਂ ਨੇ ਯੂਹੰਨਾ ਤੋਂ ਪੁੱਛਿਆ, “ਜੇਕਰ ਤੂੰ ਮਸੀਹ ਨਹੀਂ ਹੈਂ, ਏਲੀਯਾਹ ਨਬੀ ਨਹੀਂ ਹੈਂ ਅਤੇ ਨਾ ਹੀ ਆਉਣ ਵਾਲਾ ਨਬੀ ਹੈਂ ਤਾਂ ਫਿਰ ਤੂੰ ਬਪਤਿਸਮਾ ਕਿਉਂ ਦਿੰਦਾ ਹੈਂ ?” 26ਯੂਹੰਨਾ ਨੇ ਉੱਤਰ ਦਿੱਤਾ, “ਮੈਂ ਤਾਂ ਤੁਹਾਨੂੰ ਪਾਣੀ ਦੇ ਨਾਲ ਬਪਤਿਸਮਾ ਦਿੰਦਾ ਹਾਂ ਪਰ ਤੁਹਾਡੇ ਵਿਚਕਾਰ ਉਹ ਖੜ੍ਹੇ ਹਨ ਜਿਹਨਾਂ ਨੂੰ ਤੁਸੀਂ ਨਹੀਂ ਪਛਾਣਦੇ । 27ਜਿਹੜੇ ਮੇਰੇ ਬਾਅਦ ਆ ਰਹੇ ਹਨ ਮੈਂ ਉਹਨਾਂ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਯੋਗ ਵੀ ਨਹੀਂ ਹਾਂ ।”
28ਇਹ ਸਭ ਕੁਝ ਯਰਦਨ ਦਰਿਆ ਦੇ ਦੂਜੇ ਪਾਸੇ ਬੈਤਅਨੀਆ ਸ਼ਹਿਰ ਦੇ ਕੋਲ ਹੋਇਆ ਜਿੱਥੇ ਯੂਹੰਨਾ ਬਪਤਿਸਮਾ ਦੇ ਰਿਹਾ ਸੀ ।
29ਅਗਲੇ ਦਿਨ ਯੂਹੰਨਾ ਨੇ ਯਿਸੂ ਨੂੰ ਆਪਣੇ ਵੱਲ ਆਉਂਦੇ ਦੇਖ ਕੇ ਕਿਹਾ, “ਦੇਖੋ, ਪਰਮੇਸ਼ਰ ਦਾ ਮੇਮਣਾ ਜਿਹੜਾ ਸੰਸਾਰ ਦੇ ਪਾਪਾਂ ਨੂੰ ਚੁੱਕ ਕੇ ਲੈ ਜਾਂਦਾ ਹੈ ! 30ਇਹ ਉਹ ਹੀ ਹਨ ਜਿਹਨਾਂ ਦੇ ਬਾਰੇ ਮੈਂ ਕਿਹਾ ਸੀ, ‘ਮੇਰੇ ਬਾਅਦ ਆਉਣ ਵਾਲਾ ਇੱਕ ਆਦਮੀ ਮੇਰੇ ਤੋਂ ਮਹਾਨ ਹੈ ਕਿਉਂਕਿ ਉਹ ਮੇਰੇ ਜਨਮ ਲੈਣ ਤੋਂ ਪਹਿਲਾਂ ਹੀ ਮੌਜੂਦ ਸੀ ।’ 31ਮੈਂ ਆਪ ਵੀ ਉਹਨਾਂ ਨੂੰ ਨਹੀਂ ਪਛਾਣਦਾ ਸੀ ਅਤੇ ਇਸੇ ਲਈ ਮੈਂ ਪਾਣੀ ਨਾਲ ਬਪਤਿਸਮਾ ਦਿੰਦਾ ਹੋਇਆ ਆਇਆ ਕਿ ਉਹ ਇਸਰਾਏਲ ਉੱਤੇ ਪ੍ਰਗਟ ਹੋ ਜਾਣ ।”
32ਤਦ ਯੂਹੰਨਾ ਨੇ ਇਸ ਤਰ੍ਹਾਂ ਗਵਾਹੀ ਦਿੱਤੀ, “ਮੈਂ ਪਵਿੱਤਰ ਆਤਮਾ ਨੂੰ ਸਵਰਗ ਤੋਂ ਘੁੱਗੀ ਦੇ ਵਾਂਗ ਉਤਰਦੇ ਅਤੇ ਉਹਨਾਂ ਦੇ ਉੱਤੇ ਠਹਿਰਦੇ ਦੇਖਿਆ । 33ਮੈਂ ਉਹਨਾਂ ਨੂੰ ਨਹੀਂ ਪਛਾਣਦਾ ਸੀ ਪਰ ਪਰਮੇਸ਼ਰ ਜਿਹਨਾਂ ਨੇ ਮੈਨੂੰ ਪਾਣੀ ਦੇ ਨਾਲ ਬਪਤਿਸਮਾ ਦੇਣ ਲਈ ਭੇਜਿਆ ਸੀ ਕਿਹਾ, ‘ਤੂੰ ਪਵਿੱਤਰ ਆਤਮਾ ਨੂੰ ਉਤਰਦਾ ਅਤੇ ਇੱਕ ਆਦਮੀ ਉੱਤੇ ਠਹਿਰਦਾ ਦੇਖੇਂਗਾ । ਇਹ ਉਹ ਹੀ ਹਨ ਜੋ ਪਵਿੱਤਰ ਆਤਮਾ ਦੇ ਨਾਲ ਬਪਤਿਸਮਾ ਦੇਣਗੇ ।’ 34ਇਹ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਅਤੇ ਇਹ ਮੇਰੀ ਗਵਾਹੀ ਹੈ ਕਿ ਉਹ ਹੀ ਪਰਮੇਸ਼ਰ ਦੇ ਪੁੱਤਰ ਹਨ ।”
ਪ੍ਰਭੂ ਯਿਸੂ ਦੇ ਪਹਿਲੇ ਚੇਲੇ
35ਦੂਜੇ ਦਿਨ ਫਿਰ ਯੂਹੰਨਾ ਆਪਣੇ ਦੋ ਚੇਲਿਆਂ ਦੇ ਨਾਲ ਖੜ੍ਹਾ ਸੀ । 36ਯੂਹੰਨਾ ਨੇ ਯਿਸੂ ਨੂੰ ਜਾਂਦੇ ਹੋਏ ਦੇਖਿਆ ਅਤੇ ਕਿਹਾ, “ਦੇਖੋ, ਪਰਮੇਸ਼ਰ ਦਾ ਮੇਮਣਾ !” 37ਦੋਨਾਂ ਚੇਲਿਆਂ ਨੇ ਯੂਹੰਨਾ ਨੂੰ ਇਹ ਕਹਿੰਦੇ ਸੁਣਿਆ ਅਤੇ ਉਹ ਯਿਸੂ ਦੇ ਪਿੱਛੇ ਚੱਲ ਪਏ । 38ਯਿਸੂ ਨੇ ਮੁੜ ਕੇ ਉਹਨਾਂ ਨੂੰ ਆਪਣੇ ਪਿੱਛੇ ਆਉਂਦੇ ਦੇਖਿਆ ਅਤੇ ਉਹਨਾਂ ਨੂੰ ਪੁੱਛਿਆ, “ਤੁਸੀਂ ਕਿਸ ਨੂੰ ਲੱਭ ਰਹੇ ਹੋ ?” ਉਹਨਾਂ ਨੇ ਉੱਤਰ ਦਿੱਤਾ, “ਹੇ ਰੱਬੀ” (ਭਾਵ ਗੁਰੂ ਜੀ), “ਤੁਸੀਂ ਕਿੱਥੇ ਰਹਿੰਦੇ ਹੋ ?” 39ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਆਓ ਅਤੇ ਦੇਖੋ ।” ਇਸ ਲਈ ਉਹ ਗਏ ਅਤੇ ਯਿਸੂ ਦੇ ਰਹਿਣ ਦੀ ਥਾਂ ਦੇਖੀ ਅਤੇ ਬਾਕੀ ਦਾ ਦਿਨ ਉਹਨਾਂ ਦੇ ਨਾਲ ਹੀ ਰਹੇ । (ਇਹ ਕੋਈ ਦੁਪਹਿਰ ਦੇ ਚਾਰ ਵਜੇ ਦਾ ਸਮਾਂ ਸੀ ।)
40ਉਹਨਾਂ ਦੋਨਾਂ ਵਿੱਚੋਂ ਜਿਹੜੇ ਯੂਹੰਨਾ ਦੀ ਗੱਲ ਸੁਣ ਕੇ ਯਿਸੂ ਦੇ ਪਿੱਛੇ ਚੱਲ ਪਏ ਸਨ, ਇੱਕ ਸ਼ਮਊਨ ਪਤਰਸ ਦਾ ਭਰਾ ਅੰਦ੍ਰਿਯਾਸ ਸੀ । 41ਅੰਦ੍ਰਿਯਾਸ ਸਾਰਿਆਂ ਤੋਂ ਪਹਿਲਾਂ ਆਪਣੇ ਭਰਾ ਸ਼ਮਊਨ ਨੂੰ ਮਿਲਿਆ ਅਤੇ ਉਸ ਨੂੰ ਕਿਹਾ, “ਸਾਨੂੰ ਮਸੀਹ#1:41 ਮਸੀਹ ਦੀ ਥਾਂ ਯੂਨਾਨੀ ਭਾਸ਼ਾ ਵਿੱਚ ‘ਕ੍ਰਿਸਤੋਸ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਜਿਸ ਦਾ ਅਰਥ ਹੈ ਪਰਮੇਸ਼ਰ ਦਾ ਚੁਣਿਆ ਹੋਇਆ । (ਭਾਵ ਪਰਮੇਸ਼ਰ ਦਾ ਮਸਹ ਕੀਤਾ ਹੋਇਆ) ਲੱਭ ਗਏ ਹਨ ।” 42ਉਹ ਸ਼ਮਊਨ ਨੂੰ ਯਿਸੂ ਦੇ ਕੋਲ ਲੈ ਗਿਆ । ਯਿਸੂ ਨੇ ਸ਼ਮਊਨ ਨੂੰ ਬੜੇ ਧਿਆਨ ਨਾਲ ਦੇਖਿਆ ਅਤੇ ਕਿਹਾ, “ਤੂੰ ਯੂਹੰਨਾ ਦਾ ਪੁੱਤਰ ਹੈਂ, ਤੂੰ ਕੈਫ਼ਾਸ ਭਾਵ ਪਤਰਸ#1:42 ਪਤਰਸ ਦਾ ਅਰਥ ਚੱਟਾਨ ਹੈ । ਅਖਵਾਏਂਗਾ ।”
ਪ੍ਰਭੂ ਯਿਸੂ ਫ਼ਿਲਿੱਪੁਸ ਅਤੇ ਨਥਾਨਿਏਲ ਨੂੰ ਸੱਦਾ ਦਿੰਦੇ ਹਨ
43ਅਗਲੇ ਦਿਨ ਯਿਸੂ ਨੇ ਗਲੀਲ ਦੇ ਇਲਾਕੇ ਨੂੰ ਜਾਣ ਦਾ ਇਰਾਦਾ ਕੀਤਾ । ਉੱਥੇ ਉਹਨਾਂ ਨੂੰ ਫ਼ਿਲਿੱਪੁਸ ਮਿਲਿਆ । ਯਿਸੂ ਨੇ ਫ਼ਿਲਿੱਪੁਸ ਨੂੰ ਕਿਹਾ, “ਮੇਰੇ ਪਿੱਛੇ ਆ ।” 44ਫ਼ਿਲਿੱਪੁਸ, ਅੰਦ੍ਰਿਯਾਸ ਅਤੇ ਪਤਰਸ ਦੇ ਸ਼ਹਿਰ ਬੈਤਸੈਦਾ ਦਾ ਰਹਿਣ ਵਾਲਾ ਸੀ । 45ਫਿਰ ਫ਼ਿਲਿੱਪੁਸ, ਨਥਾਨਿਏਲ ਨੂੰ ਮਿਲਿਆ ਅਤੇ ਉਸ ਨੂੰ ਕਿਹਾ, “ਜਿਹਨਾਂ ਦੇ ਬਾਰੇ ਮੂਸਾ ਨੇ ਵਿਵਸਥਾ ਵਿੱਚ ਲਿਖਿਆ ਹੈ ਅਤੇ ਨਬੀਆਂ ਨੇ ਵੀ ਲਿਖਿਆ ਹੈ, ਉਹ ਸਾਨੂੰ ਮਿਲ ਗਏ ਹਨ । ਉਹ ਯੂਸਫ਼ ਦੇ ਪੁੱਤਰ ਯਿਸੂ ਹਨ ਜਿਹੜੇ ਨਾਸਰਤ ਸ਼ਹਿਰ ਦੇ ਰਹਿਣ ਵਾਲੇ ਹਨ ।” 46ਨਥਾਨਿਏਲ ਨੇ ਕਿਹਾ, “ਕੀ ਨਾਸਰਤ ਵਿੱਚੋਂ ਕੋਈ ਚੰਗੀ ਚੀਜ਼ ਨਿਕਲ ਸਕਦੀ ਹੈ ?” ਫ਼ਿਲਿੱਪੁਸ ਨੇ ਕਿਹਾ, “ਆ ਅਤੇ ਦੇਖ ।”
47ਜਦੋਂ ਯਿਸੂ ਨੇ ਨਥਾਨਿਏਲ ਨੂੰ ਆਪਣੇ ਵੱਲ ਆਉਂਦੇ ਦੇਖਿਆ ਤਾਂ ਉਹਨਾਂ ਨੇ ਉਸ ਦੇ ਬਾਰੇ ਕਿਹਾ, “ਦੇਖੋ, ਸੱਚਾ ਇਸਰਾਏਲੀ ਜਿਸ ਵਿੱਚ ਕਿਸੇ ਤਰ੍ਹਾਂ ਦਾ ਕਪਟ ਨਹੀਂ ਹੈ !” 48ਨਥਾਨਿਏਲ ਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਮੈਨੂੰ ਕਿਸ ਤਰ੍ਹਾਂ ਜਾਣਦੇ ਹੋ ?” ਯਿਸੂ ਨੇ ਉੱਤਰ ਦਿੱਤਾ, “ਫ਼ਿਲਿੱਪੁਸ ਦੇ ਤੈਨੂੰ ਸੱਦਣ ਤੋਂ ਪਹਿਲਾਂ ਹੀ ਮੈਂ ਤੈਨੂੰ ਅੰਜੀਰ ਦੇ ਰੁੱਖ ਦੇ ਥੱਲੇ ਦੇਖਿਆ ਸੀ ।” 49ਨਥਾਨਿਏਲ ਨੇ ਕਿਹਾ, “ਗੁਰੂ ਜੀ, ਤੁਸੀਂ ਪਰਮੇਸ਼ਰ ਦੇ ਪੁੱਤਰ ਹੋ ! ਤੁਸੀਂ ਇਸਰਾਏਲ ਦੇ ਰਾਜਾ ਹੋ !” 50ਯਿਸੂ ਨੇ ਉਸ ਨੂੰ ਕਿਹਾ, “ਕੀ ਤੂੰ ਇਸ ਲਈ ਵਿਸ਼ਵਾਸ ਕੀਤਾ ਹੈ ਕਿ ਮੈਂ ਤੈਨੂੰ ਇਹ ਦੱਸਿਆ ਹੈ ਕਿ ਮੈਂ ਤੈਨੂੰ ਅੰਜੀਰ ਦੇ ਰੁੱਖ ਦੇ ਥੱਲੇ ਦੇਖਿਆ ਸੀ ? ਤੂੰ ਇਸ ਤੋਂ ਵੀ ਵੱਡੇ ਵੱਡੇ ਕੰਮ ਦੇਖੇਂਗਾ ।” 51#ਉਤ 28:12ਫਿਰ ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਤੁਸੀਂ ਸਵਰਗ ਨੂੰ ਖੁੱਲ੍ਹਾ ਹੋਇਆ ਦੇਖੋਗੇ ਅਤੇ ਪਰਮੇਸ਼ਰ ਦੇ ਸਵਰਗਦੂਤਾਂ ਨੂੰ ਉੱਪਰ ਚੜ੍ਹਦੇ ਅਤੇ ਮਨੁੱਖ ਦੇ ਪੁੱਤਰ ਦੇ ਉੱਤੇ ਉਤਰਦੇ ਦੇਖੋਗੇ ।”

Kleurmerk

Deel

Kopieer

None

Wil jy jou kleurmerke oor al jou toestelle gestoor hê? Teken in of teken aan

YouVersion gebruik koekies om jou ervaring persoonlik te maak. Deur ons webwerf te gebruik, aanvaar jy ons gebruik van koekies soos beskryf in ons Privaatheidsbeleid